ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 17 ਸਤੰਬਰ
ਨਰਮੇ ਦੀ ਫ਼ਸਲ ਵਿੱਚ ਅਚਾਨਕ ਹੀ ਝੁਲਸ ਰੋਗ ਫੈਲ ਜਾਣ ਕਰਕੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਝੁਲਸ ਰੋਗ ਨਾਲ ਬਰਬਾਦ ਹੋਈ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪਿੰਡ ਪੰਨੀਵਾਲਾ ਰੁਲਦੂ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਹਰ ਸਾਲ ਦੀ ਤਰ੍ਹਾਂ ਸਰਕਾਰ ਦੀ ਪਾਣੀ ਬਚਾਓ ਮੁਹਿੰਮ ਤਹਿਤ ਅੱਧੀ ਜ਼ਮੀਨ ’ਚ ਨਰਮੇ ਦੀ ਫਸਲ ਬੀਜੀ ਸੀ ਪਰ ਇਸ ਵਾਰ ਵੀ ਨਰਮੇ ਦੀ ਫਸਲ ’ਚ ਝੁਲਸ ਰੋਗ ਦਾ ਹਮਲਾ ਹੋ ਗਿਆ। ਬੇਮੌਸਮੀ ਬਾਰਿਸ਼ ਤੋਂ ਬਾਅਦ ਅਚਾਨਕ ਫੈਲੇ ਝੁਲਸ ਰੋਗ ਨਾਲ ਉਸ ਦੀ ਅੱਧੀ ਤੋਂ ਜ਼ਿਆਦਾ ਫਸਲ ਬਰਬਾਦ ਹੋ ਗਈ ਹੈ, ਜਿਸ ਕਰਕੇ ਉਸ ਨੂੰ ਆਰਥਿਕ ਰੂਪ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਇਸ ਤਰ੍ਹਾਂ ਪਿੰਡ ਸੁਖਚੈਨ, ਕਿਉਲ, ਤਖ਼ਤਮੱਲ, ਖਤਰਾਵਾਂ, ਬੜਾਗੁੜਾ, ਲੱਕੜਵਾਲੀ, ਗੁਦਰਾਣਾ, ਫੱਗੂ ਅਤੇ ਸੂਰਤੀਆ ਆਦਿ ਪਿੰਡਾਂ ਵਿੱਚ ਵੀ ਨਰਮੇ ਦੀ ਫਸਲ ਬੇਮੌਸਮੀ ਬਾਰਿਸ਼ ਅਤੇ ਕੁਦਰਤੀ ਕਰੋਪੀ ਕਾਰਨ ਬਰਬਾਦ ਹੋ ਗਈ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਨਰਮੇ ਦੀ ਤਬਾਹ ਹੋਈ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਕੈਪਸ਼ਲ: ਪਿੰਡ ਪੰਨੀਵਾਲਾ ਰੁਲਦੂ ਵਿੱਚ ਨਰਮੇ ਦੀ ਬਰਬਾਦ ਹੋਈ ਫਸਲ ਦਾ ਦ੍ਰਿਸ਼।