ਪੱਤਰ ਪ੍ਰੇਰਕ
ਅਬੋਹਰ, 12 ਸਤੰਬਰ
ਇਲਾਕੇ ਦੇ ਦੋ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦੀਆਂ ਨਹਿਰਾਂ ਵਿੱਚੋਂ ਅੱਜ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸੁਰਜੀਤ ਕੌਰ (40) ਪਤਨੀ ਜੰਗ ਸਿੰਘ ਵਾਸੀ ਇੰਦਰਾ ਨਗਰੀ, ਗਲੀ ਨੰਬਰ 1 ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਬੀਤੇ ਦਿਨੀਂ ਅਚਾਨਕ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕਿਤੇ ਪਤਾ ਨਾ ਲੱਗਣ ’ਤੇ ਉਸ ਦੀ ਥਾਣਾ ਸਿਟੀ-1 ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਅੱਜ ਸੁਰਜੀਤ ਕੌਰ ਦੀ ਲਾਸ਼ ਜੰਡਵਾਲਾ ਹਨੂੰਵੰਤਾ ਨੇੜਿਓਂ ਲੰਘਦੀ ਨਹਿਰ ਵਿੱਚੋਂ ਮਿਲੀ। ਦੂਜੇ ਪਾਸੇ ਅੱਜ ਸਵੇਰੇ ਪਿੰਡ ਪੱਟੀ ਸਦੀਕ ਨੇੜਿਓਂ ਲੰਘਦੀ ਰਾਮਸਰਾ ਮਾਈਨਰ ’ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦੀ ਉਮਰ ਕਰੀਬ 50 ਸਾਲ ਹੈ। ਸੂਚਨਾ ਮਿਲਣ ’ਤੇ ਪੱਟੀ ਸਦੀਕ ਚੌਕੀ ਦੇ ਏਐੱਸਆਈ ਜੁਗਰਾਜ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਇਆ।