ਹਰਮੇਸ਼ਪਾਲ ਨੀਲੇਵਾਲ/ਸੰਜੀਵ ਹਾਂਡਾ
ਜ਼ੀਰਾ/ਫਿਰੋਜ਼ਪੁਰ, 8 ਅਕਤੂਬਰ
ਕੁਝ ਦਿਨਾਂ ਤੋਂ ਲਾਪਤਾ ਥਾਣਾ ਸ਼ਹਿਰੀ ਜ਼ੀਰਾ ਦੇ ਹੋਮਗਾਰਡ ਮੁਲਾਜ਼ਮ ਸੁਖਦੇਵ ਸਿੰਘ ਦੀ ਲਾਸ਼ ਬੀਤੇ ਕੱਲ੍ਹ ਮੱਲਾਂਵਾਲਾ ਇਲਾਕੇ ਵਿੱਚੋਂ ਬਰਾਮਦ ਹੋਈ ਹੈ। ਹੋਮਗਾਰਡ ਸੁਖਦੇਵ ਸਿੰਘ ਬੀਤੀ 5 ਅਕਤੂਬਰ ਤੋਂ ਲਾਪਤਾ ਸੀ। ਥਾਣਾ ਮਖੂ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਸੁਖਦੇਵ ਸਿੰਘ (52) ਦੇ ਪੁੱਤਰ ਏਕਓਂਕਾਰ ਸਿੰਘ ਵਾਸੀ ਨਵਾਂ ਜ਼ੀਰਾ ਨੇ ਦੱਸਿਆ ਕਿ ਉਸ ਦਾ ਪਿਤਾ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਬਿਆਨ ਮੁਤਾਬਕ ਸੁਖਦੇਵ ਸਿੰਘ ਬੀਤੀ 5 ਅਕਤੂਬਰ ਨੂੰ ਘਰੋਂ ਮੋਟਰਸਾਈਕਲ ’ਤੇ ਗਿਆ ਸੀ, ਪਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਵਾਰ-ਵਾਰ ਫੋਨ ਕੀਤੇ, ਪਰ ਕਿਸੇ ਨੇ ਕਾਲ ਨਾ ਚੁੱਕੀ। ਕੁਝ ਦੇਰ ਬਾਅਦ ਥਾਣਾ ਮਖੂ ਤੋਂ ਫੋਨ ਆਇਆ ਕਿ ਸੁਖਦੇਵ ਸਿੰਘ ਦੇ ਕੱਪੜੇ ਤੇ ਮੋਟਰਸਾਈਕਲ ਰਾਜਸਥਾਨ ਫੀਡਰ ਨਹਿਰ ਦੀ ਪਟੜੀ ਤਲਵੰਡੀ ਨੇਪਾਲਾਂ ਕੋਲੋਂ ਮਿਲੇ ਹਨ। ਇਸ ਮਗਰੋਂ ਉਨ੍ਹਾਂ ਸੁਖਦੇਵ ਸਿੰਘ ਦੀ ਤਲਾਸ਼ ਆਰੰਭ ਦਿੱਤੀ ਤੇ 7 ਅਕਤੂਬਰ ਨੂੰ ਮੱਲਾਂਵਾਲਾ ਇਲਾਕੇ ਵਿੱਚੋਂ ਸੁਖਦੇਵ ਸਿੰਘ ਦੀ ਲਾਸ਼ ਬਰਾਮਦ ਹੋਈ। ਸੁਖਦੇਵ ਸਿੰਘ ਦੇ ਕੱਪੜਿਆਂ ਵਿੱਚੋਂ ਇੱਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਗਰੋਵਰ ਮੈਡੀਕਲ ਜ਼ੀਰਾ, ਹੋਮਗਾਰਡ ਮੁਲਾਜ਼ਮ ਪਰਮਜੀਤ ਸਿੰਘ ਵਾਸੀ ਜ਼ੀਰਾ ਤੇ ਗੁਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੱਲਾਂਵਾਲਾ ਨੂੰ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸੁਖਦੇਵ ਸਿੰਘ ਨੇ ਲਿਖਿਆ ਹੈ ਕਿ ਉਕਤ ਵਿਅਕਤੀਆਂ ਨੇ ਧੋਖੇ ਨਾਲ ਉਸ ਦੀ ਜ਼ਮੀਨ ਬੈਅ ਕਰਵਾ ਲਈ ਹੈ। ਇਸ ਕਾਰਨ ਉਹ ਪ੍ਰੇਸ਼ਾਨ ਹੈ ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੈ। ਥਾਣਾ ਮੱਖੂ ਦੀ ਪੁਲੀਸ ਨੇ ਉਕਤ ਤਿੰਨੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।