ਪੱਤਰ ਪ੍ਰੇਰਕ
ਬੱਲੂਆਣਾ, 4 ਅਕਤੂਬਰ
ਥਾਣਾ ਸਿਟੀ-2 ਅਬੋਹਰ ਦੀ ਪੁਲੀਸ ਨੇ ਅੱਜ ਦੇਰ ਸ਼ਾਮ ਅਬੋਹਰ ਸ਼ਹਿਰ ਲਾਗਿਓਂ ਲੰਘਦੀ ਮਲੂਕਪੁਰਾ ਨਹਿਰ ਵਿੱਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਲਾਸ਼ ਨੂੰ ਬਰਾਮਦ ਕਰਨ ਉਪਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਅੱਜ ਸਵੇਰੇ ਖੇਤਰ ਦੀ ਪ੍ਰਮੁੱਖ ਐਨਜੀਓ ਨਰਸੇਵਾ ਨਾਰਾਇਣ ਸੇਵਾ ਦੇ ਮੁੱਖੀ ਰਾਜੂ ਚਰਾਇਆ ਨੂੰ ਕਿਸੇ ਜਾਣਕਾਰ ਨੇ ਸੂਚਨਾ ਦਿੱਤੀ ਕਿ ਨਹਿਰ ਦੀ ਝਾਲ ਵਿੱਚ ਨਵਜੰਮੇ ਬੱਚੇ ਦੀ ਲਾਸ਼ ਅਟਕੀ ਪਈ ਹੈ। ਰਾਜੂ ਚਰਾਇਆ ਨੇ ਸੰਸਥਾ ਦੇ ਦੋ ਸੇਵਾਦਾਰਾਂ ਬਿੱਟੂ ਨਰੂਲਾ ਅਤੇ ਮੋਨੂੰ ਗ੍ਰੋਵਰ ਨੂੰ ਮੌਕੇ ’ਤੇ ਭੇਜਿਆ, ਜਿਨ੍ਹਾਂ ਦੀ ਮਦਦ ਨਾਲ ਪੁਲੀਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਥਾਣਾ ਸਿਟੀ-2 ਦੇ ਏਐੱਸਆਈ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।