ਗੁਰਸੇਵਕ ਸਿੰਘ ਪ੍ਰੀਤ/ਜਸਵੀਰ ਸਿੰਘ ਭੁੱਲਰ
ਸ੍ਰੀ ਮੁਕਤਸਰ ਸਾਹਿਬ/ਦੋਦਾ, 18 ਅਕਤੂਬਰ
ਪਿੰਡ ਭੁੱਲਰ ਕੋਲ ਸਰਹਿੰਦ ਫੀਡਰ ਨਹਿਰ ਵਿੱਚ ਬੀਤੇ ਦਿਨੀਂ ਸ਼ੱਕੀ ਹਾਲਤ ਵਿੱਚ ਡਿੱਗੇ ਇੱਥੋਂ ਦੇ ਗੁਰੂ ਅੰਗਦ ਨਗਰ ਦੇ ਰਹਿਣ ਵਾਲੇ ਸਿਮਰਨਦੀਪ ਬਰਾੜ (45) ਦੀ ਅੱਜ ਲਾਸ਼ ਬਰਾਮਦ ਹੋਈ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਬਰਾੜ ਨੇ ਦੱਸਿਆ ਸਿਮਰਨਦੀਪ ਸੈਂਟਰਲ ਬੈਂਕ ਆਫ ਇੰਡੀਆ ਬਰਾਂਚ ਲੱਖੇਵਾਲੀ ਦਾ ਮੈਨੇਜਰ ਸੀ। ਉਨ੍ਹਾਂ ਦੱਸਿਆ ਕਿ ਸਿਮਰਨਦੀਪ ਆਪਣੇ ਦੋਸਤਾਂ ਨਾਲ 16 ਅਕਤੂਬਰ ਦੀ ਰਾਤ ਨੂੰ ਪਾਰਟੀ ਲਈ ਘਰੋਂ ਕਾਰ ’ਤੇ ਗਿਆ ਸੀ। ਉਸ ਦੀ ਪਤਨੀ ਰਾਤ ਕਰੀਬ 12 ਵਜੇ ਤੱਕ ਉਸ ਦੇ ਸੰਪਰਕ ਵਿੱਚ ਰਹੀ ਪਰ ਬਾਅਦ ਵਿੱਚ ਉਸ ਦਾ ਫੋਨ ਬੰਦ ਹੋ ਗਿਆ, ਜਦੋਂ ਉਹ ਘਰ ਨਾ ਪੁੱਜਾ ਤਾਂ ਰਾਤ ਕਰੀਬ ਸਵਾ 2 ਵਜੇ ਪਰਿਵਾਰ ਨੇ ਉਸ ਦੇ ਦੋਸਤਾਂ ਨਾਲ ਸੰਪਰਕ ਕੀਤਾ। ਦੋਸਤਾਂ ਨੇ ਦੱਸਿਆ ਕਿ ਉਹ ਤਾਂ ਆਪੋ-ਆਪਣੇ ਘਰ ਚਲੇ ਗਏ ਹਨ ਤੇ ਸਿਮਰਨਦੀਪ ਵੀ ਘਰ ਚਲਾ ਗਿਆ ਸੀ। ਇਸ ਮਗਰੋਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਸਿਮਰਨਦੀਪ ਤੇ ਉਸ ਦੇ ਦੋਸਤ ਚਾਰ ਕਾਰਾਂ ਵਿੱਚ ਮੁਕਤਸਰ ਸਾਹਿਬ ਤੋਂ ਪਿੰਡ ਭੁੱਲਰ ਵੱਲ (ਬਠਿੰਡਾ ਰੋਡ) ਗਏ ਸਨ ਪਰ ਵਾਪਸ ਤਿੰਨ ਕਾਰਾਂ ਹੀ ਆਈਆਂ, ਜਿਨ੍ਹਾਂ ਵਿੱਚ ਸਿਮਰਨਦੀਪ ਦੀ ਕਾਰ ਨਹੀਂ ਸੀ। ਅੱਜ ਦੇਰ ਸ਼ਾਮ ਲਾਗਲੇ ਪਿੰਡ ਡੱਲਾ ਦੇ ਗੋਤਾਖੋਰਾਂ ਦੀ ਟੀਮ ਨੇ ਗੱਡੀ ਅਤੇ ਲਾਸ਼ ਨਹਿਰ ’ਚੋਂ ਕੱਢੀ। ਸਿਮਰਨਦੀਪ ਦੇ ਪਰਿਵਾਰ ਵਿੱਚ ਪਿੱਛੇ ਦੋ ਬੱਚੇ, ਪਤਨੀ ਤੇ ਮਾਪੇ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।