ਪੱਤਰ ਪ੍ਰੇਰਕ
ਬੋਹਾ, 16 ਸਤੰਬਰ
ਬੋਹਾ-ਬੁਢਲਾਡਾ ਸੜਕ ’ਤੇ ਬਣਾਇਆ ਜਾ ਰਿਹਾ ਬੋਹਾ ਰਜਬਾਹਾ ਦਾ ਪੁਲ ਬਣਨ ਤੋਂ ਪਹਿਲਾ ਹੀ ਪਾਣੀ ਵਿੱਚ ਰੁੜ੍ਹ ਗਿਆ। ਸੜਕ ਚੌੜੀ ਕਰਨ ਲਈ ਇਸ ਰਜਬਾਹੇ ’ਤੇ ਬਣੇ ਪੁਰਾਣੇ ਤੇ ਤੰਗ ਪੁਲ ਨੂੰ ਤੋੜ ਕੇ ਲਗਭਗ ਚਾਰ ਮਹੀਨੇ ਪਹਿਲਾਂ ਮੁੜ ਬਣਾਉਣਾ ਸ਼ੁਰੂ ਕੀਤਾ ਗਿਆ ਸੀ।
ਪੁਲ ਬਣਾ ਰਹੇ ਠੇਕੇਦਾਰ ਕਰਨੈਲ ਸਿੰਘ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਦੀ ਬੰਦੀ ਨਾ ਮਿਲਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਜ਼ੀਰੀ ਦੀ ਬਿਜਾਈ ਦੌਰਾਨ ਸ਼ੁਰੂ ਕੀਤਾ ਗਿਆ ਸੀ ਤੇ ਉਸ ਸਮੇਂ ਚੱਲ ਰਹੀ ਪਾਣੀ ਦੀ ਬੰਦੀ ਸਮੇਂ ਇਸ ਦਾ ਬੈੱਡ ਤੇ ਸਾਈਡਾਂ ਬਣਾ ਲਈਆਂ ਗਈਆਂ ਸਨ ਪਰ ਬਾਅਦ ਵਿੱਚ ਕਿਸਾਨਾਂ ਦੀ ਮੰਗ ’ਤੇ ਨਹਿਰੀ ਵਿਭਾਗ ਵੱਲੋਂ ਰਜਬਾਹੇ ਵਿੱਚ ਪਾਣੀ ਛੱਡ ਦਿੱਤਾ ਗਿਆ ਗਿਆ। ਅੱਜ ਜਦੋਂ ਉਹ ਪੁਲ ’ਤੇ ਸਲੈਬ ਪਾ ਰਹੇ ਸਨ ਤਾਂ ਸਕਰੈਬ ਝੂਟਾ ਖਾ ਗਏ ਤੇ ਪੁਲ ਦਾ ਇੱਕ ਹਿੱਸਾ ਹੇਠਾਂ ਬੈਠ ਗਿਆ। ਉਨ੍ਹਾਂ ਦੱਸਿਆ ਕਿ ਪੁਲ ਦੇ ਹੇਠਾਂ ਬੈਠਣ ਨਾਲ ਉਨ੍ਹਾਂ ਨੂੰ ਸਾਡੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਬੀ ਐਂਡ ਆਰ ਮਹਿਕਮੇ ਦੇ ਐੱਸਡੀਓ ਮਨੋਜ ਕੁਮਾਰ ਨੇ ਕਿਹਾ ਕਿ ਉਹ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।