ਪਵਨ ਗੋਇਲ
ਭੁੱਚੋ ਮੰਡੀ, 8 ਜੁਲਾਈ
ਪਿੰਡ ਭੁੱਚੋ ਖੁਰਦ ਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਦੀ ਖੰਡਰ ਬਣੀ ਇਮਾਰਤ ਅਤੇ ਉਸ ਵਿੱਚ ਸੜ ਰਿਹਾ ਸਾਮਾਨ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦੀ ਸਵੱਲੀ ਨਜ਼ਰ ਦੀ ਉਡੀਕ ਕਰ ਰਿਹਾ ਹੈ। ਇਹ ਸਿਹਤ ਕੇਂਦਰ ਪਿੰਡ ਦੇ ਛੱਪੜ ਕਿਨਾਰੇ ਬਣਿਆ ਹੋਇਆ ਹੈ ਅਤੇ ਮੀਹਾਂ ਦੌਰਾਨ ਓਵਰ ਫਲੋਅ ਹੋ ਕੇ ਛੱਪੜ ਦਾ ਗੰਦਾ ਪਾਣੀ ਸਿਹਤ ਕੇਂਦਰ ਅਤੇ ਗਲੀ ਵਿੱਚ ਭਰ ਜਾਂਦਾ ਹੈ। ਇਸ ਕਾਰਨ ਸਟਾਫ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਤੋਂ ਅੱਕ ਕੇ ਮੈਡੀਕਲ ਸਟਾਫ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਨੱਥੂਸਰ ਧਰਮਸ਼ਾਲਾ ਵਿੱਚ ਸਿਹਤ ਕੇਂਦਰ ਦਾ ਕੰਮ ਸ਼ੁਰੂ ਕਰਨਾ ਪਿਆ, ਜੋ ਅੱਜ ਤੱਕ ਜਾਰੀ ਹੈ।
ਇਸ ਸਿਹਤ ਕੇਂਦਰ ਦੇ ਕਮਿਊਨਿਟੀ ਹੈਲਥ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਧਰਮਸ਼ਾਲਾ ਵਿੱਚ ਸਿਹਤ ਕੇਂਦਰ ਨੂੰ ਚੱਲਦਿਆਂ ਨੂੰ ਦੋ ਸਾਲ ਹੋ ਚੱਲੇ ਹਨ। ਧਰਮਸ਼ਾਲਾ ਵਿੱਚ ਸਿਰਫ ਦੋ ਹੀ ਕਮਰੇ ਹਨ। ਮੈਡੀਕਲ ਸਟਾਫ ਲਈ ਚੰਗੇ ਵਾਸ਼ਰੂਮ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਟਾਫ ਅਤੇ ਮਰੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਸਹੀ ਢੰਗ ਨਾਲ ਨਾ ਮਿਲਣ ਕਾਰਨ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਸਿਹਤ ਕੇਂਦਰ ਦੀ ਬਿਲਡਿੰਗ ਵਿੱਚ ਪਾਣੀ ਭਰ ਗਿਆ ਸੀ। ਇਸ ਕਾਰਨ ਕੇਂਦਰ ਦਾ ਵਾਸ਼ਰੂਮ ਜ਼ਮੀਨ ਵਿੱਚ ਧਸ ਗਿਆ ਅਤੇ ਇੱਕ ਥਾਂ ’ਤੇ ਵੱਡਾ ਟੋਆ ਬਣ ਗਿਆ। ਇਹ ਬਿਲਡਿੰਗ ਸੁਰੱਖਿਅਤ ਨਾ ਰਹਿਣ ਕਾਰਨ ਹੀ ਸਿਹਤ ਕੇਂਦਰ ਨੂੰ ਧਰਮਸ਼ਾਲਾ ਵਿੱਚ ਤਬਦੀਲ ਕੀਤਾ ਗਿਆ ਸੀ। ਸਿਹਤ ਕੇਂਦਰ ਦੀ ਬਿਲਡਿੰਗ ਚਾਰ ਫੁੱਟ ਨੀਵੀਂ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਪੰਜਾਬ ਸਰਕਾਰ ਦੇ ਅਧਿਕਾਰੀ ਬਿਲਡਿੰਗ ਦਾ ਸਰਵੇ ਕਰਕੇ ਗਏ ਸਨ, ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ।
ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਦੀ ਆਗੂ ਮਨਜੀਤ ਕੌਰ ਪਿਆਰੋ, ਗੁਰਮੇਲ ਕੌਰ, ਭਿੰਦਰ ਕੌਰ ਤੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਸਮੱਸਿਆ ਦੇ ਹੱਲ ਲਈ ਸਰਕਾਰ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿਹਤ ਕੇਂਦਰ ਦੀ ਇਮਾਰਤ ਨੂੰ ਉੱਚਾ ਕਰਕੇ ਜਾਂ ਕਿਸੇ ਹੋਰ ਥਾਂ ’ਤੇ ਬਣਾਇਆ ਜਾਵੇ।