ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਸਤੰਬਰ
ਡੱਬਵਾਲੀ ਹਲਕੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦਾ ਸੱਦਾ ਸੌ ਫ਼ੀਸਦੀ ਸਫ਼ਲ ਰਿਹਾ। ਖੇਤਰ ਵਿੱਚ ਡੱਬਵਾਲੀ ਸ਼ਹਿਰ, ਚੌਟਾਲਾ ਅਤੇ ਗੋਰੀਵਾਲਾ ’ਚ ਵੱਡੀ ਗਿਣਤੀ ਇੱਕਜੁੱਟ ਕਿਸਾਨਾਂ ਨੇ ਦੇਸ਼ ਵਿਆਪੀ ਬੰਦ ਨੂੰ ਸਫ਼ਲ ਬਣਾਇਆ। ਸਮੁੱਚੇ ਕਾਰੋਬਾਰ ਬੰਦ ਰਹੇ। ਇਸ ਬੰਦ ਦੌਰਾਨ ਡੱਬਵਾਲੀ ਸ਼ਹਿਰ ਦੇ ਬਠਿੰਡਾ ਚੌਕ ’ਤੇ ਕਿਸਾਨਾਂ ਦਾ ਦਬਦਬਾ ਕਾਇਮ ਰਿਹਾ। ਬਠਿੰਡਾ ਚੌਕ ’ਤੇ ਧਰਨੇ ਨੂੰ ਨਰਿੰਦਰ ਸਿੰਘ ਦੰਦੀਵਾਲ, ਮਲਕੀਤ ਸਿੰਘ ਖਾਲਸਾ ਅਤੇ ਸੁਖਵਿੰਦਰ ਸਿੰਘ ਚੰਦੀ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਬਠਿੰਡਾ ਚੌਕ ’ਤੇ ਬਾਬਾ ਨਾਨਕ ਦੀ ਹੱਟੀ ਸੰਸਥਾ ਵੱਲੋਂ ਚਾਹ ਅਤੇ ਪਾਣੀ ਦੇ ਲੰਗਰ ਲਾਇਆ ਗਿਆ। ਪਿੰਡ ਚੌਟਾਲਾ ’ਚ ਕਿਸਾਨ ਜਥੇਬੰਦੀਆਂ ਵੱਲੋਂ ਡੱਬਵਾਲੀ-ਸੰਗਰੀਆ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਜਿਸ ਵਿੱਚ ਰਵੀ ਸਿੰਘ ਚੌਟਾਲਾ ਵੀ ਸ਼ਾਮਲ ਹੋਏ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ‘ਭਾਰਤ ਬੰਦ’ ਦੀ ਅਪੀਲ ’ਤੇ ਕਾਲਾਂਵਾਲੀ ਵਿੱਚ ਪੂਰਨ ਬੰਦ ਰਿਹਾ। ਕਿਸਾਨਾਂ ਨੇ ਔਢਾਂ ਕੈਂਚੀਆਂ ’ਤੇ ਸੜਕ ਉੱਤੇ ਧਰਨਾ ਲਾਇਆ। ਇਸ ਮੌਕੇ ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਸੰਬੋਧਨ ਕੀਤਾ। ਇਸ ਮੌਕੇ ਉੱਤੇ ਨਿਊ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਜੈਨ, ਦਰਸ਼ਨ ਕੌਰ ਜੌੜਾ, ਰਾਜ ਕੁਮਾਰ, ਦੀਪਕ ਕੁਮਾਰ ਤੇ ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਦੂਜੇ ਪਾਸੇ ਹਰਿਆਣਾ ਸਕੂਲ ਅਧਿਆਪਕ ਸੰਘ ਨੇ ਭਾਰਤ ਬੰਦ ਵਿੱਚ ਭਾਗ ਲਿਆ ਅਤੇ ਕਿਸਾਨਾਂ ਵੱਲੋਂ ਔਢਾਂ ਕੈਂਚੀਆਂ ’ਤੇ ਲਾਏ ਧਰਨੇ ’ਚ ਸ਼ਮੂਲੀਅਤ ਕੀਤੀ।