ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਅਗਸਤ
ਸਰਹਿੰਦ ਫੀਡਰ ‘ਚੋਂ ਨਿਕਲਣ ਵਾਲਿਆਂ ਮੋਘਿਆਂ ਦੇ ਪਾਣੀ ਦਾ ਮਾਮਲਾ ਉਗਰਾਹੁਣ ‘ਤੇ ਕਿਸਾਨਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਨਹਿਰੀ ਵਿਭਾਗ ਵੱਲੋਂ ਬੰਦ ਕੀਤੇ ਮੋਘੇ ਖੁਦ ਹੀ ਚਾਲੂ ਕਰ ਲਏ। ਕਿਰਤੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਝਬੇਲਵਾਲੀ ਵਿੱਚ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਝਬੇਲਵਾਲੀ, ਬਲਵਿੰਦਰ ਥਾਂਦੇਵਾਲਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਝਬੇਲਵਾਲੀ ਨੇ ਕਿਹਾ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਨਹਿਰੀ ਵਿਭਾਗ ਵੱਲੋਂ ਝਬੇਲਵਾਲੀ, ਚੱਕ ਗਾਂਧਾ ਸਿੰਘ ਵਾਲਾ, ਵੜਿੰਗ, ਬਾਜਾ, ਵੱਟੂ, ਤਖ਼ਤਮਲਾਣਾ, ਜੰਮੂਆਣਾ ਆਦਿ ਪਿੰਡਾਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਕਿਨਾਰੇ ਪੁੱਜ ਗਈ ਸੀ। ਇਸ ਖੇਤਰ ਵਿੱਚ ਜ਼ਮੀਨ ਹੇਠਲਾ ਪਾਣੀ ਸ਼ੋਰੇ ਵਾਲਾ ਹੋਣ ਕਰਕੇ ਸਿੰਜਾਈ ਦਾ ਇੱਕੋ-ਇੱਕ ਸਾਧਨ ਨਹਿਰੀ ਪਾਣੀ ਹੀ ਹੈ ਪਰ ਹੁਣ ਮਹਿਕਮੇ ਵੱਲੋਂ ਸੌ ਰੁਪਏ ਕਿਲੇ ਦੇ ਹਿਸਾਬ ਨਾਲ ਮਾਮਲਾ ਉਗਰਾਉਣ ਦੇ ਹੋਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਵੀ ਸਰਕਾਰ ਦੀ ਜਬਰੀ ਮਾਮਲਾ ਲੈਣ ਦੀ ਨੀਤੀ ਖਿਲਾਫ਼ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਗੁਰਦਿੱਤਾ ਸਿੰਘ, ਗੁਰਨੇਕ ਸਿੰਘ, ਗੋਬਿੰਦ ਸਿੰਘ, ਗੁਰਦੇਵ ਰਾਮ, ਮਲਕੀਤ ਕੁਮਾਰ, ਰਾਜਵਿੰਦਰ, ਜਸਵਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
ਵਿਭਾਗ ਨੇ ਪਾਣੀ ਦੀ ਸਪਲਾਈ ਬੰਦ ਨਹੀਂ ਕੀਤੀ: ਜੂਨੀਅਰ ਇੰਜੀਨੀਅਰ
ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਬੰਦ ਨਹੀਂ ਕੀਤੀ ਗਈ ਬਲਕਿ ਕਿਸਾਨਾਂ ਨੂੰ ਛਿਮਾਹੀ ਮਾਮਲਾ ਭਰਨ ਲਈ ਕਿਹਾ ਗਿਆ ਸੀ।