ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਅਪਰੈਲ
ਇੱਥੇ ਥਾਣਾ ਸਦਰ ਪੁਲੀਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ ’ਚ ਮੋਹਰਲੀ ਕਤਾਰ ਦੇ ਲੋਕ ਆਗੂ ਵੱਜੋਂ ਉੱਭਰੇ ਸੁਖਜਿੰਦਰ ਮਹੇਸਰੀ ਤੇ ਹੋਰਾਂ ਖ਼ਿਲਾਫ਼ ਕੋਵਿਡ ਮਹਾਮਾਰੀ ਪਾਬੰਦੀ ਹੁਕਮਾਂ ਦੀ ਉਲੰਘਣਾ ਕਰ ਕੇ ਕਬੂਤਰ ਬਾਜ਼ੀ ਮੁਕਾਬਲੇ ਕਰਵਾਉਣ ਦੋਸ਼ ਹੇਠ ਕੇਸ ਦਰਜ ਕੀਤਾ ਹੈ।ਇਸ ਸਬੰਧੀ ਆਗੂ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਕੁਝ ਲੋਕ ਕਬੂਤਰਬਾਜ਼ੀ ਮੁਕਾਬਲੇ ਕਰਵਾ ਰਹੇ ਸਨ ਪਰ ਉਸ ਕੋਲ ਨਾ ਤਾਂ ਕਬੂਤਰ ਹਨ ਅਤੇ ਨਾ ਹੀ ਮੁਕਾਬਲੇ ਨਾਲ ਕੋਈ ਵਾਸਤਾ ਹੈ। ਉਨ੍ਹਾਂ ਕਿਹਾ ਕਿ ਥਾਣਾ ਸਦਰ ਪੁਲੀਸ ਉਨ੍ਹਾਂ ਦੇ ਘਰ ਇਹ ਕਹਿ ਕੇ ਦਾਖ਼ਲ ਹੋਈ ਕਿ ਉਨ੍ਹਾਂ ਕੋਲ ਘਰ ਵਿੱਚ ਸ਼ਰਾਬ ਦੀ ਮੁਖ਼ਬਰੀ ਹੈ। ਇਸ ਸਬੰਧੀ ਡੀਐੱਸਪੀ ਬਰਜਿੰਦਰ ਸਿੰਘ ਭੁੱਲਰ ਨੇ ਸੰਘਰਸ਼ੀਲ ਆਗੂਆਂ ਦੀ ਮੌਜੂਦਗੀ ਵਿੱਚ ਕਿਹਾ ਕਿ ਤਲਾਸ਼ੀ ਦੌਰਾਨ ਸ੍ਰੀ ਮਹੇਸਰੀ ਦੇ ਘਰ ਵਿੱਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਇਸ ਬਾਅਦ ਸ੍ਰੀ ਮਹੇਸਰੀ ਖ਼ਿਲਾਫ਼ ਕਰੋਨਾ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਰੋਹ ਵਿੱਚ ਆਈਆਂ ਜਥੇਬੰਦੀਆਂ ਨੇ ਥਾਣਾ ਸਦਰ ਅੱਗੇ ਧਰਨਾ ਲਗਾ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਹਰਮਨ ਬੀਰ ਸਿੰਘ ਗਿੱਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਹੇਸ਼ਰੀ ਸੰਧੂਆਂ ਵਿਚ ਕੁਝ ਵਿਅਕਤੀ ਕਬੂਤਰਾਂ ਦੀ ਬਾਜ਼ੀ ਕਰਵਾ ਰਹੇ ਹਨ। ਜਦੋਂ ਪੁਲੀਸ ਨੇ ਦੇਖਿਆ ਤਾਂ ਉੱਥੇ 300 ਤੋਂ ਵੱਧ ਲੋਕ ਇਕੱਠੇ ਹੋਏ ਸਨ। ਇਸ ਮਾਮਲੇ ਵਿੱਚ ਕਥਿਤ ਬਾਜ਼ੀ ਦਾ ਪ੍ਰਬੰਧ ਕਰਨ ਵਾਲੇ ਸੁਖਜਿੰਦਰ ਸਿੰਘ, ਵਿੱਕੀ ਸੁੱਖਾ ਪੇਂਟਰ, ਇਕਬਾਲ ਸਿੰਘ, ਸਤਨਾਮ ਸਿੰਘ ਅਤੇ ਸੋਨੀ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਕੁਝ ਅਖੌਤੀ ਆਗੂਆਂ ਨੇ ਥਾਣੇ ਦੇ ਬਾਹਰ ਧਰਨਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ