ਲਖਵਿੰਦਰ ਸਿੰਘ
ਮਲੋਟ, 31 ਮਈ
ਡਰਾਈਵਿੰਗ ਟੈਸਟ ਤੋਂ ਬਿਨਾਂ ਹੀ ਦਰਜਨ ਤੋਂ ਵਧੇਰੇ ਅਣਜਾਣ ਡਰਾਈਵਰਾਂ ਨੂੰ ਲਾਇਸੈਂਸ ਮਾਫੀਆ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਗੱਢ-ਤੁੱਪ ਕਰਕੇ ਲਾਇਸੈਂਸ ਜਾਰੀ ਕਰਵਾਉਣ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਮਾਫੀਆ ਦੀ ਸ਼ਿਕਾਰ ਹੋਈ ਅਧਿਆਪਕਾ ਰੁਪਿੰਦਰ ਕੌਰ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਕਾਰ ਚਲਾ ਰਹੀ ਹੈ। ਲੰਘੀ ਪੰਜ ਮਈ ਨੂੰ ਉਨ੍ਹਾਂ ਲਾਇਸੈਂਸ ਸਬੰਧੀ ਟੈਸਟ ਦੇਣ ਲਈ ਸ੍ਰੀ ਮੁਕਸਤਰ ਸਾਹਿਬ ਵਿੱਚ ਗਈ ਤਾਂ ਉਸਨੂੰ ਫੇਲ੍ਹ ਕਰ ਦਿੱਤਾ ਗਿਆ, ਜਦੋਂਕਿ ਉਸੇ ਦਿਨ ਉਨ੍ਹਾਂ ਦੀਆਂ ਜਾਣਕਾਰ ਹੋਰ ਵੀ ਲੜਕੀਆਂ ਅਜਿਹੀਆਂ ਸਨ, ਜਿਨ੍ਹਾਂ ਟਰੈਕ ਵਿੱਚ ਕਾਰ ਚਲਾਈ ਹੀ ਨਹੀਂ ਪਰ ਉਨ੍ਹਾਂ ਦਾ ਲਾਇਸੈਂਸ ਵੀ ਬਣ ਕੇ ਘਰ ਪਹੁੰਚ ਗਿਆ। ਫਰਕ ਇਨ੍ਹਾਂ ਸੀ ਕਿ ਉਹ ਕਿਸੇ ਦਲਾਲ ਰਾਹੀਂ ਗਈਆਂ ਸਨ ਤੇ ਉਹ ਸਿੱਧੇ ਤੌਰ ’ਤੇ ਅਪਲਾਈ ਕਰਕੇ ਟੈਸਟ ਦੇਣ ਗਈ ਸੀ। ਪਤਾ ਲੱਗਣ ’ਤੇ ਉਨ੍ਹਾਂ ਵੀ ਮਾਫ਼ੀਆ ਮੈਂਬਰ ਨੂੰ ਦੋ ਹਜ਼ਾਰ ਦੇ ਕੇ ਟੈਸਟ ਲਈ ਮੁੜ ਤਰੀਕ ਲਈ। ਉਹ ਟੈਸਟ ਦੇਣ ਵੀ ਨਹੀਂ ਗਈ ਪਰ ਉਸਦਾ ਲਾਇਸੈਂਸ ਬਣ ਕੇ ਘਰ ਆ ਗਿਆ। ਇਸ ਅਧਿਆਪਕਾ ਨੇ ਦੱਸਿਆ ਕਿ ਉਹ ਹੋਰ ਵੀ ਕਈ ਔਰਤਾਂ ਨੂੰ ਜਾਣਦੀ ਹੈ, ਜਿਨ੍ਹਾਂ ਨੂੰ ਅੱਜ ਵੀ ਕਾਰ ਚਲਾਉਣੀ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਕੋਈ ਟੈਸਟ ਦਿੱਤਾ ਹੈ ਪਰ ਉਨ੍ਹਾਂ ਦਾ ਵੀ ਲਾਇਸੈਂਸ ਬਣ ਕੇ ਘਰ ਆ ਗਿਆ ਹੈ। ਰੁਪਿੰਦਰ ਕੌਰ ਨੇ ਕਿਹਾ ਕਿ ਜੇ ਵਿਭਾਗ ਗੰਭੀਰਤਾ ਨਾਲ ਇਸ ਮਾਮਲੇ ਦੀ ਪੜਤਾਲ ਕਰੇ ਤਾਂ ਅਜਿਹੇ ਸੈਂਕੜੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਨੂੰ ਅੱਜ ਵੀ ਕਾਰ ਚਲਾਉਣੀ ਨਹੀਂ ਆਉਂਦੀ ਪਰ ਵੱਢੀ ਦੇ ਜ਼ੋਰ ’ਤੇ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਗਏ ਹਨ।