ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਅਕਤੂਬਰ
ਪਿੰਡ ਗਹਿਲ ਦੇ ਗੁਰਦੁਆਰਾ ਬਾਬਾ ਰਵਿਦਾਸ ਭਗਤ ਜੀ ਦੀ ਪ੍ਰਬੰਧਕ ਕਮੇਟੀ ਵਿੱਚ ਡੇਰਾ ਸਿਰਸਾ ਨਾਲ ਜੁੜੇ ਵਿਅਕਤੀ ਨੂੰ ਹਟਾਏ ਜਾਣ ਦਾ ਮਾਮਲਾ ਕਾਫੀ ਭਖ ਗਿਆ ਹੈ। ਗੁਰਦੁਆਰਾ ਕਮੇਟੀ ਦੇ ਕੁਝ ਆਗੂਆਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਦੋਸ਼ ਲਗਾਏ ਹਨ ਕਿ ਕਮੇਟੀ ਦੇ ਖਜ਼ਾਨਚੀ ਵਜੋਂ ਕੰਮ ਕਰ ਰਿਹਾ ਵਿਅਕਤੀ ਮੇਜਰ ਸਿੰਘ ਡੇਰਾ ਸਿਰਸਾ ਦਾ ਸਮੱਰਥਕ ਹੈ, ਜਿਸ ਕਰਕੇ ਉਸ ਨੂੰ ਕਮੇਟੀ ਵਿੱਚੋਂ ਹਟਾਇਆ ਜਾਵੇ। ਇਸ ਸ਼ਿਕਾਇਤ ਤੋਂ ਬਾਅਦ ਅੱਜ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਅਤੇ ਐਸਜੀਪੀਸੀ ਦੇ ਕਾਰਜਕਾਰਨੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾ ਪਿੰਡ ਗਹਿਲ ਪੁੱਜੇ। ਸ਼ਿਕਾਇਤਕਰਤਾ ਧਿਰ ਵਲੋਂ ਆਪਣਾ ਪੱਖ ਪੰਜ ਪਿਆਰਿਆਂ ਅੱਗੇ ਰੱਖਿਆ ਗਿਆ। ਜਦਕਿ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਮੇਜਰ ਸਿੰਘ ਨਾ ਪਹੁੰਚਿਆ। ਜਿਸ ਤੋਂ ਬਾਅਦ ਪੰਜ ਪਿਆਰਿਆਂ ਨੇ ਮੇਜਰ ਸਿੰਘ ਨੂੰ ਸੱਤ ਦਿਨਾਂ ਵਿੱਚ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਹੁਕਮ ਦਿੱਤਾ ਹੈ। ਮੇਜਰ ਸਿੰਘ ਨੇ ਮੰਨਿਆ ਕਿ ਉਹ ਡੇਰੇ ਸਿਰਸਾ ਨਾਲ ਜੁੜਿਆ ਹੋਇਆ ਹੈ ਪਰ ਉਹ ਗੁਰੂ-ਘਰ ’ਚ ਸੱਚੇ ਦਿਲੋਂ ਸੇਵਾ ਕਰਦਾ ਆ ਰਿਹਾ ਹੈ। ਉਸ ਉਪਰ ਦੋਸ਼ ਲਗਾਉਣ ਵਾਲੇ ਵਿਅਕਤੀ ਖੁਦ ਭ੍ਰਿਸ਼ਟ ਹਨ, ਜਿਸ ਕਰਕੇ ਉਸ ਨੂੰ ਕਮੇਟੀ ਵਿੱਚੋਂ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਜ਼ਰੂਰ ਰੱਖੇਗਾ।