ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਅਗਸਤ
ਮੋਗਾ-ਬਰਨਾਲਾ ਕੌਮੀ ਮਾਰਗ ਉਪਰ ਪਿੰਡ ਚੀਮਾ ਨੇੜੇ ਬਣੇ ਟੌਲ ਪਲਾਜ਼ਾ ਉਪਰ ਪੀਆਰਟੀਸੀ ਕੰਡਕਟਰ ਅਤੇ ਟੌਲ ਪਲਾਜ਼ਾ ਕਰਮਚਾਰੀਆਂ ਦੀ ਝੜਪ ਦਾ ਮਾਮਲਾ ਹਾਲੇ ਵੀ ਗਰਮਾਇਆ ਹੋਇਆ ਹੈ। ਅੱਜ ਚੌਥੇ ਦਿਨ ਮੁੜ ਟੌਲ ਕਰਮਚਾਰੀਆਂ ਵਲੋਂ ਪੀਆਰਟੀਸੀ ਕੰਡਕਟਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਅੱਜ ਟੌਲ ਕਰਮਚਾਰੀਆਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੰਘਰਸ਼ ਦੀ ਹਮਾਇਤ ਕਰਦਿਆਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਟੌਲ ਕਰਮਚਾਰੀਆਂ ਦੇ ਪਰਿਵਾਰ ਵੀ ਧਰਨੇ ਵਿੱਚ ਪੁੱਜੇ। ਧਰਨਾਕਾਰੀਆਂ ਵਲੋਂ ਕੌਮੀ ਮਾਰਗ ਨੂੰ ਸਵੇਰੇ 10 ਵਜੇ ਤੋਂ ਲੈ ਕੇ ਕਰੀਬ ਦੁਪਹਿਰ ਡੇਢ ਵਜੇ ਤੱਕ ਬੰਦ ਰੱਖਿਆ ਗਿਆ। ਬੀਕੇਯੂ ਡਕੌਂਦਾ ਦੇ ਬਲਾਕ ਸ਼ਹਿਣਾ ਆਗੂ ਬਲਵੰਤ ਸਿੰਘ ਨੰਬਰਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਬੱਸ ਕੰਡਕਟਰ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।