ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਸਤੰਬਰ
ਥਾਣਾ ਟੱਲੇਵਾਲ ਦੇ ਪਿੰਡ ਨਰੈਣਗੜ੍ਹ ਸੋਹੀਆਂ ਦਾ ਗੁੰਮ ਹੋਇਆ ਬੱਚਾ ਚਾਰ ਸਾਲਾਂ ਬਾਅਦ ਮਾਪਿਆਂ ਨੂੰ ਮਿਲਣ ’ਤੇ ਪਿੰਡ ’ਚ ਖੁਸ਼ੀ ਦੀ ਲਹਿਰ ਹੈ।
ਬਲਵਿੰਦਰ ਸਿੰਘ ਪੁੱਤਰ ਜੁੰਮਾ ਸਿੰਘ ਪਿੰਡ ਵਾਸੀਆਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਸੀ, ਜਿੱਥੇੇ ਉਹ ਲਾਪਤਾ ਹੋ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਲੱਭਣ ਲਈ ਪੋਸਟਰ ਛਪਵਾ ਕੇ ਵੰਡੇ। ਸੋਸ਼ਲ ਮੀਡੀਆ ਰਾਹੀਂ ਵੀ ਬੱਚੇ ਦੀ ਭਾਲ ਕੀਤੀ ਗਈ, ਪਰ ਉਹ ਨਾ ਮਿਲਿਆ। ਅੱਜ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਦੀ ਮਦਦ ਨਾਲ ਚਾਰ ਸਾਲਾਂ ਬਾਅਦ ਉਸ ਨੂੰ ਮਾਪਿਆਂ ਨਾਲ ਮਿਲਾਇਆ ਗਿਆ। ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਦਰਬਾਰ ਸਾਹਿਬ ਤੋਂ ਉਸ ਨੂੰ ਗੁੱਜਰ ਚੁੱਕ ਕੇ ਲੈ ਗਏ ਸਨ, ਜਿਨ੍ਹਾਂ ਨੇ ਉਸ ’ਤੇ ਕਾਫ਼ੀ ਅੱਤਿਆਚਾਰ ਕੀਤੇ। ਉਹ ਉਸ ਤੋਂ ਦਿਨ ਰਾਤ ਕੰਮ ਕਰਵਾਉਂਦੇ ਰਹੇ ਪਰ ਇੱਕ ਦਿਨ ਉਸ ਨੇ ਕਿਸੇ ਤਰੀਕੇ ਗੁੱਜਰਾਂ ਦੇ ਕੈਦਖਾਨੇ ’ਚੋਂ ਭੱਜ ਕੇ ਜਾਨ ਬਚਾਈ। ਇਸ ਮਗਰੋਂ ਕਾਫ਼ੀ ਠੋਕਰਾਂ ਖਾ ਕੇ ਉਹ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਕੋਲ ਪੁੱਜ ਗਿਆ। ਸਹਾਰਾ ਸੇਵਾ ਸੁਸਾਇਟੀ ਦੇ ਮੈਂਬਰ ਹਰਮਨਦੀਪ ਸਿੰਘ ਅਤੇ ਬਗੀਚਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੋ ਮਹੀਨੇ ਪਹਿਲਾਂ ਗੰਭੀਰ ਹਾਲਤ ’ਚ ਉਨ੍ਹਾਂ ਨੂੰ ਮਿਲਿਆ ਸੀ।
ਲੰਮੇ ਸਮੇਂ ਬਾਅਦ ਉਸ ਨੇ ਸੁਰਤ ਸੰਭਲਣ ’ਤੇ ਆਪਣੇ ਪਿੰਡ ਬਾਰੇ ਦੱਸਿਆ ਅਤੇ ਅੱਜ ਇਹ ਬੱਚਾ ਪਰਿਵਾਰ ਹਵਾਲੇ ਕਰ ਦਿੱਤਾ ਹੈ। ਬਲਵਿੰਦਰ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਸੇਵਾਦਾਰਾਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।