ਰਵਿੰਦਰ ਰਵੀ
ਬਰਨਾਲਾ, 24 ਮਈ
ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਮੁਲਜ਼ਮਾਂ ਕੋਲੋਂ 10 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਸਵਿਫਟ ਕਾਰ ਬਰਾਮਦ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਐੱਸਪੀ (ਡੀ) ਅਨਿਲ ਕੁਮਾਰ ਦੀ ਅਗਵਾਈ ’ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਟੀਮ ਦੀ ਅਗਵਾਈ ਸੀਆਈਏ ਇੰਚਾਰਜ ਬਲਜੀਤ ਸਿੰਘ ਨੇ ਕਰਦਿਆਂ ਬਰਨਾਲਾ-ਤਪਾ ਰੋਡ ’ਤੇ ਘੁੰਨਸ ਕੋਲ ਕਿਰਾਏ ’ਤੇ ਲਈ ਇੰਟਰਲਾਕ ਟਾਈਲਾਂ ਦੀ ਫੈਕਟਰੀ ਚਲਾ ਰਹੇ ਤਰਲੋਕ ਸਿੰਘ ਅਤੇ ਹਰਮੀਤ ਸਿੰਘ ਵਾਸੀ ਰੂੜੇਕੇ ਨੂੰ ਗਿ੍ਫ਼ਤਾਰ ਕਰ ਕੇ ਮੁਲਜ਼ਮਾਂ ਕੋਲੋਂ 10 ਕੁਇੰਟਲ ਭੁੱਕੀ ਚੂਰਾ ਪੋਸਤ (50 ਬੋਰੀਆਂ) ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਸਵਿਫਟ ਕਾਰ ਨੰਬਰ ਪੀਬੀ 73ਏ 1316 ਵੀ ਬਰਾਮਦ ਕੀਤੀ ਗਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪਿਛਲੇ ਦਿਨਾਂ ’ਚ ਸੀਆਈਏ ਵਿੰਗ ਵੱਲੋਂ ਭਾਰੀ ਮਾਤਰਾ ’ਚ ਭੁੱਕੀ ਚੂਰਾ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲੀਸ ਰਿਮਾਂਡ ਲਿਆ ਜਾਵੇਗਾ।