ਟ੍ਰਿਬਿਊਨ ਨਿਊਜ ਸਰਵਿਸ
ਕੋਟਕਪੂਰਾ, 20 ਜੁਲਾਈ
ਸਥਾਨਕ ਮਹਿਤਾ ਚੌਕ ਵਿੱਚ ਇੱਕ ਦੁਕਾਨਦਾਰ ਵੱਲੋਂ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਕੇ ਆਪਣੀ ਦੁਕਾਨ ਦਾ ਵਾਧਰਾ ਬਣਾਉਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਕੌਂਸਲ ਕੋਟਕਪੂਰਾ ਨੇ ਦੁਕਾਨਦਾਰ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਢੁਆ ਦਿੱਤਾ। ਕੌਂਸਲ ਦੇ ਜੇਈ ਹਰਗੋਬਿੰਦ ਸਿੰਘ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਦੁਕਾਨਦਾਰ ਵੱਲੋਂ ਵਧਾਏ ਵਾਧਰੇ ਨੂੰ ਢੁਆਉਂਦਿਆਂ ਸਖ਼ਤ ਹਦਾਇਤ ਕੀਤੀ ਕਿ ਭਵਿੱਖ ਵਿਚ ਜੇ ਉਸ ਨੇ ਦੁਬਾਰਾ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲੇ ਇਸ ਦੁਕਾਨਦਾਰ ਨੇ ਕੁਝ ਸਮਾਂ ਪਹਿਲਾਂ ਆਪਣੀ ਦੁਕਾਨ ਅੱਗੇ ਵਾਧਰਾ ਕਰਕੇ ਸਰਕਾਰੀ ਜਗ੍ਹਾਂ ’ਤੇ ਕਬਜ਼ਾ ਕਰ ਲਿਆ ਗਿਆ ਸੀ। ਦੁਕਾਨਦਾਰ ਦੇ ਗੁਆਂਢੀ ਨੇ ਇਸ ਸਬੰਧੀ ਨਗਰ ਕੌਂਸਲ ਕੋਟਕਪੂਰਾ ਦੇ ਕਾਰਜਸਾਧਕ ਅਫਸਰ ਕੋਲ ਸ਼ਿਕਾਇਤ ਦਰਜ ਕਰਵਾਈ ਪ੍ਰੰਤੂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਫ਼ੇਰ ਸ਼ਿਕਾਇਤਕਰਤਾ ਨੇ ਆਪਣੇ ਵਕੀਲ ਰਾਹੀਂ ਨਗਰ ਕੌਂਸਲ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ, ਜਿਸ ਉਪਰੰਤ ਅਧਿਕਾਰੀਆਂ ਨੇ ਐਕਸ਼ਨ ਵਿਚ ਆਉਂਦਿਆਂ ਨਾਜਾਇਜ਼ ਕਬਜ਼ੇ ਨੂੰ ਹਟਾ ਦਿੱਤਾ।