ਪੱਤਰ ਪ੍ਰੇਰਕ
ਭੁੱਚੋ ਮੰਡੀ, 30 ਅਗਸਤ
ਜਲ ਸਪਲਾਈ ਅਤੇ ਸੀਵਰੇਜ ਵਿਭਾਗ ਬਠਿੰਡਾ ਦੀ ਮਾੜੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਨਗਰ ਕੌਂਸਲ ਨੂੰ ਭੁਗਤਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ’ਤੇ 17 ਅਗਸਤ ਤੋਂ ਜਲ ਸਪਲਾਈ ਅਤੇ ਸੀਵਰੇਜ ਦਾ ਕੰਮ ਮੁੜ ਨਗਰ ਕੌਂਸਲ ਨੂੰ ਸੌਂਪਿਆ ਗਿਆ। ਉਸ ਦਿਨ ਤੋਂ ਹੀ ਕੌਂਸਲ ਅਧਿਕਾਰੀਆਂ ਨੇ ਜਲ ਸਪਲਾਈ ਅਤੇ ਸੀਵਰੇਜ ਦੀਆਂ ਲ਼ੰਮੇ ਸਮੇਂ ਤੋਂ ਗੰਭੀਰ ਬਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸੀਵਰੇਜ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਨੇ ਛੇ ਸਾਲਾਂ ਵਿੱਚ ਫੰਡ ਨਾ ਹੋਣ ਦਾ ਰੋਣਾ ਰੋਂਦਿਆਂ ਸੀਵਰ ਦੀ ਲੋੜੀਂਦੀ ਸਫ਼ਾਈ ਨਹੀਂ ਕੀਤੀ। ਇਸ ਕਾਰਨ ਮੈਨ ਹੋਲਾਂ ਵਿੱਚ ਸੁੱਕ ਕੇ ਗਾਰ ਜੰਮ ਜਾਣ ਕਾਰਨ ਸੀਵਰ ਜਾਮ ਹੋ ਗਿਆ ਅਤੇ ਪਾਣੀ ਗਲੀਆਂ ਅਤੇ ਸੜਕਾਂ ਦਾ ਸਿੰਗਾਰ ਬਣਦਾ ਰਿਹਾ ਹੈ। ਨਗਰ ਕੌਂਸਲ ਦੀ ਕਾਰਗੁਜ਼ਾਰੀ ਨਾਲ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਤੋਂ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ।
ਕਾਰਜ ਸਾਧਕ ਅਫਸਰ ਤਰੁਣ ਕੁਮਾਰ ਅਤੇ ਸੰਜੀਵ ਬਾਂਸਲ ਨੇ ਬੱਸ ਅੱਡੇ ਨੇੜਲੇ ਬਾਜ਼ਾਰ ਵਿੱਚ ਚੱਲ ਰਹੇ ਕੰਮ ਦੌਰਾਨ ਦਿਖਾਇਆ ਕਿ ਮੈਨ ਹੋਲਾਂ ਵਿੱਚ ਸੁੱਕੀ ਗਾਰ ਜੰਮੀ ਪਈ ਹੈ। ਇਸ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਸੀਵਰ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਲਹਿਰਾ ਬੇਗਾ ਰੋਡ ਅਤੇ ਸਟੇਸ਼ਨ ਬਸਤੀ ਦਾ ਸੀਵਰ ਸਾਫ਼ ਕਰ ਦਿੱਤਾ ਹੈ ਅਤੇ ਬਾਜ਼ਾਰਾਂ ਦਾ ਕੰਮ ਚੱਲ ਰਿਹਾ ਹੈ। ਸੀਵਰ ਦੀ ਸਫ਼ਾਈ ਹੋਣ ਨਾਲ ਜਲ ਸਪਲਾਈ ਵੀ ਸ਼ੁੱਧ ਹੋ ਜਾਵੇਗੀ।