ਸ਼ਗਨ ਕਟਾਰੀਆ
ਜੈਤੋੋ, 3 ਸਤੰਬਰ
ਇਸ ਖੇਤਰ ਵਿਚ ਮੀਂਹ ਨੇ ਅੱਜ ਭਰਵੀਂ ਛਹਬਿਰ ਲਾਈ। ਰੁਕ-ਰੁਕ ਕੇ ਸਵੇਰ ਤੋਂ ਵਰ੍ਹ ਰਹੇ ਮੀਂਹ ਸਦਕਾ ਸ਼ਹਿਰ ਦੀਆਂ ਕਈ ਗਲ਼ੀਆਂ ਅਤੇ ਬਾਜ਼ਾਰ ਦੋ ਤੋਂ ਤਿੰਨ ਫੁੱਟ ਪਾਣੀ ’ਚ ਡੁੱਬ ਗਏ। ਨੀਵੇਂ ਇਲਾਕੇ ਹਾਲੋਂ, ਬੇਹਾਲ ਹੋ ਗਏ ਹਨ। ਸ਼ਹਿਰ ਦੇ ਕੇਂਦਰੀ ਹਿੱਸੇ ਦੇ ਸਾਰੇ ਰਸਤਿਆਂ ’ਤੇ ਪਾਣੀ ਦਾ ਕਬਜ਼ਾ ਹੋ ਗਿਆ। ਉਂਜ ਖੇਤੀ ਲਈ ਇਹ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਮੱਕੀ ਦੀ ਤਾਜ਼ਾ ਹੋਈ ਬੀਜਾਂਦ ਦੇ ਕਰੰਡ ਹੋਣ ਦਾ ਖ਼ਦਸ਼ਾ ਵੀ ਹੈ।
ਸ਼ਹਿਰ ਵਿਚ ਭਰੇ ਪਾਣੀ ਨੇ ਸਥਾਨਕ ਪ੍ਰਸ਼ਾਸਨ ਦੀ ਪੋਲ ਖੋਲ੍ਹੀ ਹੈ। ਕਰੀਬ ਦੋ ਦਹਾਕਿਆਂ ਤੋਂ ਲੋਕ ਅਜਿਹਾ ਸੰੰਤਾਪ ਭੋਗ ਰਹੇ ਹਨ ਪਰ ਸੁਣਵਾਈ ਨਹੀਂ ਹੋ ਰਹੀ। ਕਈ ਵਰ੍ਹਿਆਂ ਤੋਂ ਸੀਵਰੇਜ ਦਾ ਨਿਰਮਾਣ ਕੱਛੂ ਦੀ ਤੋਰ ਚੱਲ ਰਿਹਾ ਹੈ। ਸਬਜ਼ੀ ਮੰਡੀ ਤੋਂ ਲੜਕੀਆਂ ਵਾਲੇ ਸਕੂਲ ਤੱਕ ਸੜਕ ਪੁੱਟੀ ਨੂੰ ਮਹੀਨਾ ਹੋ ਗਿਆ ਹੈ ਪਰ ਠੇਕੇਦਾਰ ਜੇਸੀਬੀ ਨਾਲ ਸੜਕ ਪੁੱਟ ਕੇ ਗਾਇਬ ਹੋ ਗਿਆ ਹੈ, ਜਿਸ ਦਾ ਖ਼ਮਿਆਜ਼ਾ ਮੀਂਹ ਪੈਣ ’ਤੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਠੇਕੇਦਾਰ ਨਗਰ ਕੌਂਸਲ ਵੱਲ ਉਂਗਲ ਕਰ ਕੇ ਸੁਰਖ਼ਰੂ ਹੋ ਜਾਂਦਾ ਹੈ। ਕੌਂਸਲ ਦੇ ਪ੍ਰਬੰਧਕ ਫ਼ਰਿਆਦੀਆਂ ਦੀ ਸੁਣ ਕੇ ਵੀ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦੇ।
ਬਾਜਾ ਚੌਕ ਤੋਂ ਬਠਿੰਡਾ ਰੋਡ 10 ਜੂਨ ਤੋਂ ਪੁੱਟੀ ਪਈ ਹੈ। ਤਿੰਨ ਮਹੀਨਿਆਂ ’ਚ ਠੇਕੇਦਾਰ ਕਈ ਵਾਰ ਕੰਮ ਛੱਡ ਚੁੱਕਾ ਹੈ। ਬਠਿੰਡਾ-ਫ਼ਰੀਦਕੋਟ ਜਾਣ ਵਾਲੇ ਹਜ਼ਾਰਾਂ ਵਾਹਨ ਰੋਜ਼ਾਨਾ ਖੱਜਲ ਹੋ ਕੇ ਹੋਰਨਾਂ ਰਾਹਾਂ ਤੋਂ ਮੰਜ਼ਿਲਾਂ ’ਤੇ ਵਧ ਰਹੇ ਹਨ। ਮੀਂਹ ਨੇ ਇਸ ਰਸਤੇ ਦੀ ਹਾਲਤ ਹੋਰ ਖਸਤਾ ਕਰ ਦਿੱਤੀ ਹੈ। ਇਥੇ ਬਣੀ ਦਲਦਲ ’ਚ ਅੱਜ ਅਠਾਰਾਂ ਟਾਇਰਾਂ ਵਾਲਾ ਟਰੱਕ ਧਸ ਗਿਆ। ਵਰਖਾ ਦੇ ਪਾਣੀ ’ਚ ‘ਡੁਬਕੀਆਂ’ ਲਾਉਂਦੇ ਸ਼ਹਿਰੀਆਂ ਦਾ ਪ੍ਰਸ਼ਾਸਨ ’ਤੇ ਸਖ਼ਤ ਰੋਸਾ ਹੈ ਕਿ ਉਸ ਦੀ ਬਦੌਲਤ ਉਨ੍ਹਾਂ ਨੂੰ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਹਨ।
ਸੇਮ ਨਾਲੇ ਦਾ ਪਾਣੀ ਅਬੋਹਰ ਸ਼ਹਿਰ ਵਿਚ ਵੜਿਆ
ਬੱਲੂਆਣਾ (ਰਾਜਿੰਦਰ ਕੁਮਾਰ): ਪ੍ਰਸ਼ਾਸਨ ਵੱਲੋਂ ਅਬੋਹਰ ਸ਼ਹਿਰ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਲਈ ਕੀਤੇ ਸਾਰੇ ਪ੍ਰਬੰਧ ਅੱਜ ਉਸ ਵੇਲੇ ਧਰੇ ਰਹਿ ਗਏ ਜਦੋਂ ਮਲੋਟ-ਸੀਤੋ ਰੋਡ ਬਾਈਪਾਸ ਦੇ ਬਾਹਰੀ ਹਿੱਸੇ ਵਿਚ ਜਮ੍ਹਾਂ ਹੋਇਆ ਹੜ੍ਹਾਂ ਦਾ ਪਾਣੀ ਅਬੋਹਰ ਸ਼ਹਿਰ ਵਿਚ ਪ੍ਰਵੇਸ਼ ਕਰ ਗਿਆ। ਹੜ੍ਹਾਂ ਦੇ ਪਾਣੀ ਦੀ ਨਿਕਾਸੀ ਰਿਹਾਇਸ਼ੀ ਖੇਤਰ ਵਿਚ ਰੁਕਵਾਉਣ ਲਈ ਆਸ ਪਾਸ ਦੇ ਲੋਕਾਂ ਨੇ ਬੀਤੇ ਦਿਨ ਧਰਨਾ ਵੀ ਲਗਾਇਆ ਸੀ। ਅੱਜ ਦੇਰ ਸ਼ਾਮ ਹੋਈ ਜ਼ੋਰਦਾਰ ਬਰਸਾਤ ਮਗਰੋਂ ਪਾਣੀ ਦਾ ਵਹਾਅ ਖੇਤਾਂ ਵਿਚ ਵਧ ਗਿਆ ਅਤੇ ਬੇਕਾਬੂ ਹੋਇਆ ਪਾਣੀ ਬਾਈਪਾਸ ਸੜਕ ਨੂੰ ਚੀਰਦਾ ਹੋਇਆ ਅਬੋਹਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਫੈਲ ਗਿਆ। ਹੜ੍ਹਾਂ ਦਾ ਪਾਣੀ ਸ਼ਹਿਰ ਵਿਚ ਦਾਖ਼ਲ ਹੋਣ ਕਾਰਨ ਗੰਗਾ ਵਿਹਾਰ ਕਲੋਨੀ, ਨਵੀਂ ਸੂਰਜ ਨਗਰੀ, ਮਾਡਲ ਟਾਊਨ, ਵਰਿਆਮ ਨਗਰ ਅਤੇ ਅਜ਼ੀਮਗੜ੍ਹ ਇਲਾਕੇ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਮੌਨਸੂਨ ਲੰਘਣ ਦੇ ਬਾਵਜੂਦ ਭਾਦੋਂ ਦੀ ਬੇਮੌਸਮੀ ਵਰਖਾ ਨੇ ਲੋਕਾਂ ਨੂੰ ਪਹਿਲਾਂ ਹੀ ਚਿੰਤਾ ਵਿਚ ਪਾ ਰੱਖਿਆ ਹੈ। ਮਲੋਟ ਰੋਡ ਅਤੇ ਸੀਤੋ ਰੋਡ ਉੱਤੇ ਸਥਿਤ ਕਰੀਬ ਦੋ ਦਰਜਨ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨੇ ਇਸ ਕਦਰ ਤਬਾਹੀ ਮਚਾਈ ਹੈ ਕਿ ਹਰਾ ਚਾਰਾ ਅਤੇ ਨਰਮੇ ਦੀ ਫ਼ਸਲ ਤਬਾਹ ਹੋ ਗਈ। ਖੇਤਾਂ ਵਿਚ ਕਰੀਬ ਤਿੰਨ ਤੋਂ ਚਾਰ ਫੁੱਟ ਤਕ ਪਾਣੀ ਜਮ੍ਹਾਂ ਹੋਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਕਿੰਨੂਆਂ ਦੀ ਫ਼ਸਲ ’ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ।