ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਨਵੰਬਰ
ਕੜਾਕੇ ਦੀ ਠੰਢ ’ਚ ਕਿਸਾਨਾਂ ਦੇ ਕਾਫ਼ਲੇ, ਜਿੱਥੇ ਪੂਰੇ ਜੋਸ਼ੋ-ਖਰੋਸ਼ ਨਾਲ ਮੋਦੀ ਤੇ ਹਰਿਆਣਾ ਸਰਕਾਰ ਦੀਆਂ ਰੁਕਾਵਟਾਂ ਤੋੋੜ ਕੇ ਦਿੱਲੀ ਪਹੁੰਚ ਗਏ ਹਨ, ਉੱਥੇ ਬਜ਼ੁਰਗ ਕਿਸਾਨ ਤੇ ਬੀਬੀਆਂ ਨੇ ਧਰਨਿਆਂ ਦੀ ਕਮਾਂਡ ਸੰਭਾਲ ਲਈ ਹੈ। ਇਸ ਦੌਰਾਨ ਇਥੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਤੇ ਗੁਰਦੇਵ ਸਿੰਘ ਕਿਸ਼ਨਪੁਰਾ ਅਤੇ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅੱਗੇ 58ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਤੋਂ ਇਲਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾਂ ਦੇ ਘਰ ਅੱਗੇ ਵੀ ਧਰਨਾ ਜਾਰੀ ਰਿਹਾ।
ਬਰਨਾਲਾ (ਪਰਸ਼ੋਤਮ ਬੱਲੀ): 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 58ਵੇਂ ਦਿਨ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖ਼ਿਲਾਫ਼ ਚੱਲ ਰਹੀ ਸਾਂਝੀ ਜੰਗ ਵਿੱਚ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਦੋ ਕਿਸਾਨ ਆਗਆਂ ਕਾਹਨ ਸਿੰਘ ਧਨੇਰ ਅਤੇ ਧੰਨਾ ਸਿੰਘ ਚਹਿਲਾਂ ਵਾਲੀ (ਮਾਨਸਾ) ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਾਂਧਜਲੀ ਭੇਟ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ, ਅਮਰਜੀਤ ਕੌਰ, ਗੁਰਚਰਨ ਸਿੰਘ, ਪਰਮਿੰਦਰ ਸਿੰਘ ਹੰਢਿਆਇਆ, ਨਛੱਤਰ ਸਿੰਘ, ਕਰਨੈਲ ਸਿੰਘ ਗਾਂਧੀ , ਗੁਰਮੇਲ ਸ਼ਰਮਾ, ਮਾ. ਨਿਰੰਜਣ ਸਿੰਘ, ਨਿਰਭੈ ਸਿੰਘ ਆਦਿ ਨੇ ਕਿਹਾ ਕਿ ‘ਸਾਂਝਾ ਕਿਸਾਨ ਮੋਰਚਾ’ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਘਰਸ਼ਸ਼ੀਲ ਕਿਸਾਨ ਮਰਦ ਔਰਤਾਂ ਕਾਫਲਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਟਰੈਕਟਰਾਂ ਰਾਸ਼ਨ, ਪਾਣੀ, ਦਵਾਈਆਂ, ਸੌਣ ਵਗੈਰਾ ਦਾ ਸਮੁੱਚਾ ਪ੍ਰਬੰਧ ਕਰਕੇ ਖੱਟਰ ਹਕੂਮਤ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਤੋੜਦਿਆਂ, ਦਿੱਲੀ ਵਿਚ ਦਾਖਲ ਹੋਣ ਵਿੱਚ ਸਫ਼ਲ ਹੋ ਗਏ ਹਨ।
ਸਾਬਕਾ ਸੈਨਿਕ ਵੀ ਦਿੱਲੀ ਰਵਾਨਾ
ਗਿੱਦੜਬਾਹਾ(ਪੱਤਰ ਪ੍ਰੇਰਕ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਸਾਬਕਾ ਸੈਨਿਕ ਅੱਜ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਿੱਦੜਬਾਹਾ ਤੋਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਫ਼ਕਰਸਰ ਅਤੇ ਕਿਰਪਾਲ ਸਿੰਘ ਬਾਦੀਆਂ ਨੇ ਕਿਹਾ ਕਿ ਸਾਬਕਾ ਸੈਨਿਕ ਕਿਸਾਨਾਂ ਦੇ ਹੱਕ ਵਿੱਚ ਧਰਨਿਆਂ ਵਿੱਚ ਉਸ ਸਮੇਂ ਤੱਕ ਡਟੇ ਰਹਿਣਗੇ, ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ।