ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 24 ਸਤੰਬਰ
ਇੱਥੋਂ ਦੀ ਨਗਰ ਪੰਚਾਇਤ ਦੇ ਜਨਤਕ ਪਖ਼ਾਨਿਆਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਹ ਸਰਕਾਰੀ ਪਖਾਨੇ ਪੰਚਾਇਤੀ ਦਫ਼ਤਰ ਦੀ ਸਾਂਝੀ ਕੰਧ ਵਿੱਚ ਸਥਿਤ ਹਨ। ਫਿਰ ਵੀ ਨਗਰ ਪੰਚਾਇਤ ਪ੍ਰਸ਼ਾਸਨ ਦੀ ਇਸ ਉੱਤੇ ਸਵੱਲੀ ਨਜ਼ਰ ਨਹੀਂ ਪੈ ਰਹੀ ਹੈ। ਇਹ ਜਨਤਕ ਪਖਾਨੇ ਜਿੱਥੇ ਬੁਰੀ ਤਰ੍ਹਾਂ ਖੰਡਰ ਹੋ ਚੁੱਕੇ ਹਨ, ਉੱਥੇ ਨਾਲ ਹੀ ਇਹ ਕੂੜੇਦਾਨ ਜ਼ਿਆਦਾ ਦਿਖਾਈ ਦਿੰਦੇ ਹਨ। ਸਫ਼ਾਈ ਵਿਵਸਥਾ ਪੱਖੋਂ ਅਤੇ ਪਾਣੀ ਦੇ ਨਾਕਸ ਪ੍ਰਬੰਧਾਂ ਖੁਣੋਂ ਇਨ੍ਹਾਂ ਦੀ ਹਾਲਤ ਮਾੜੀ ਹੈ। ਸਰਕਾਰੀ ਤੌਰ ’ਤੇ ਇਹ ਜਨਤਕ ਪਖਾਨੇ ਗਿਣਤੀ ਪੱਖੋਂ ਇਕਮਾਤਰ ਹਨ, ਫਿਰ ਵੀ ਪ੍ਰਸ਼ਾਸਨ ਇਨ੍ਹਾਂ ਦੀ ਦੇਖਭਾਲ ਵਿੱਚ ਅਸਫ਼ਲ ਹੈ। ਮੁੱਖ ਚੌਕ ਅਤੇ ਮੇਨ ਬਾਜ਼ਾਰ ਦੇ ਨਜ਼ਦੀਕ ਹੋਣ ਸਦਕਾ ਆਮ ਮੁਸਾਫ਼ਰਾਂ ਅਤੇ ਦੁਕਾਨਦਾਰਾਂ ਨੂੰ ਇਨ੍ਹਾਂ ਦੀ ਮੰਦਹਾਲੀ ਸਦਕਾ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਸਫ਼ਾਈ ਵਿਵਸਥਾ ਠੀਕ ਨਾ ਰਹਿਣ ਕਾਰਨ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੇ ਆਪਣੇ ਬਾਥਰੂਮ ਤਾਲੇ ਲਾ ਕੇ ਬੰਦ ਕਰ ਰੱਖੇ ਹਨ। ਇਹ ਮਾਮਲਾ ਅਨੇਕਾਂ ਵਾਰ ਨਗਰ ਪੰਚਾਇਤ ਪ੍ਰਸ਼ਾਸਨ ਦੇ ਧਿਆਨ ਵਿੱਚ ਲੋਕਾਂ ਵੱਲੋਂ ਲਿਆਂਦਾ ਜਾ ਚੁੱਕਾ ਹੈ, ਪ੍ਰੰਤੂ ਇਸ ਪਾਸਿਉਂ ਬੇਧਿਆਨੀ ਉਵੇਂ ਹੀ ਬਣੀ ਹੋਈ ਹੈ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਜੋਗਿੰਦਰ ਪਾਲ, ਦੀਪਕ ਗਰੋਵਰ,ਪਾਲ ਸਿੰਘ ਅਤੇ ਕਰਮਜੀਤ ਸਿੰਘ ਨੇ ਇਨ੍ਹਾਂ ਜਨਤਕ ਪਖਾਨਿਆ ਦੇ ਸੁਧਾਰ ਦੀ ਜ਼ੋਰਦਾਰ ਮੰਗ ਉਠਾਈ ਹੈ। ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਅਮਰਿੰਦਰ ਸਿੰਘ ਦਾ ਇਸ ਮਾਮਲੇ ਸਬੰਧੀ ਕਹਿਣਾ ਸੀ ਕਿ ਉਹ ਅੱਜ ਹੀ ਇਨ੍ਹਾਂ ਦੇ ਸੁਧਾਰ ਲਈ ਜੇਈ ਮਨਪ੍ਰੀਤ ਸਿੰਘ ਦੀ ਡਿਊਟੀ ਲਾ ਰਹੇ ਹਨ।