ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 4 ਅਗਸਤ
ਹਰਿਆਣਾ ਅਤੇ ਪੰਜਾਬ ਦੀ ਹੱਦ ’ਤੇ ਪੈਂਦੇ ਪਿੰਡ ਰੰਗਾ ਵਿੱਚ ਘੱਗਰ ਦਰਿਆ ਦੇ ਪੁਲ ਤੋਂ ਲੈ ਕੇ ਅਲੀਕਾਂ, ਲਹਿੰਗਾਵਾਲਾ ਲਿੰਕ ਰੋਡ, ਟੀ ਪੁਆਇੰਟ ਨੇੜੇ ਸਥਿਤ ਸਰਕਾਰੀ ਸਕੂਲ ਤੱਕ ਇਸ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਡੂੰਘੇ ਖੱਡਿਆਂ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਸੜਕ ’ਤੇ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ। ਸਥਾਨਕ ਵਾਸੀ ਲੱਖਾ ਸਿੰਘ, ਮੇਵਾ ਸਿੰਘ, ਚਮਕੌਰ ਸਿੰਘ, ਸਵਰਾਜ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਸ਼ਾਮ ਸੁੰਦਰ, ਕਰਮਜੀਤ ਸਿੰਘ, ਤ੍ਰਿਲੋਚਨ ਸਿੰਘ ਆਦਿ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਵੇਲੇ ਹਰਿਆਣਾ ਵਿਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਮਾਰਚ ਦੌਰਾਨ ਹਰਿਆਣਾ ਅਤੇ ਪੰਜਾਬ ਦੀਆਂ ਸਰਹੱਦਾਂ ਨੂੰ ਸਰਕਾਰ ਨੇ ਸੀਲ ਕਰ ਦਿੱਤਾ ਸੀ। ਉਸ ਸਮੇਂ ਹਰਿਆਣਾ ਅਤੇ ਪੰਜਾਬ ਦੀ ਸਰਹੱਦ ’ਤੇ ਸਥਿਤ ਘੱਗਰ ਦਰਿਆ ਦੇ ਪੁਲ ਤੋਂ ਲੰਘਣ ਲਈ ਸਿਰਫ਼ ਰੰਗਾ ਪੁਲ ਰੋਡ ਹੀ ਖੁੱਲ੍ਹੀ ਸੀ ਜਿਸ ਦੌਰਾਨ ਇਸ ਸੜਕ ਹਰ ਰੋਜ਼ ਹਰਿਆਣਾ ਤੇ ਪੰਜਾਬ ਆਦਿ ਤੋਂ ਸੈਂਕੜੇ ਵਾਹਨ ਲੰਘਦੇ ਹੋਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਇਹ ਸੜਕ ਕਈ ਥਾਵਾਂ ਤੋਂ ਟੁੱਟ ਗਈ। ਪਿੰਡ ਰੰਗਾ ਦੇ ਸਰਪੰਚ ਕਰਮਜੀਤ ਸਿੰਘ ਸਮੇਤ ਪਿੰਡ ਵਾਸੀਆਂ ਅਨੁਸਾਰ ਘੱਗਰ ਦਰਿਆ ਦੇ ਕੰਢੇ ਵਸੇ ਪਿੰਡ ਰੰਗਾ ਵਿੱਚ ਹੜ੍ਹਾਂ ਦੌਰਾਨ ਪਿੰਡ ਨੂੰ ਪਾਣੀ ਦੇ ਨੁਕਸਾਨ ਤੋਂ ਬਚਾਉਣ ਲਈ ਬਾਹਰਲੀ ਫਿਰਨੀ ’ਤੇ ਸਥਿਤ ਇੱਕ ਸੇਫਟੀ ਡੈਮ ਕਈ ਸਾਲ ਪਹਿਲਾਂ ਬਣਾਇਆ ਗਿਆ ਸੀ। ਉਸ ਤੋਂ ਬਾਅਦ ਇਸ ਬੰਨ੍ਹ ’ਤੇ ਹੀ ਗੁਰੂ ਗੋਬਿੰਦ ਸਿੰਘ ਮਾਰਗ ਨਾਂ ਦੀ ਸੜਕ ਬਣਾਈ ਗਈ। ਇਸ ਸੜਕ ’ਤੇ ਜ਼ਿਆਦਾ ਆਵਾਜਾਈ ਰਹਿੰਦੀ ਹੈ।