ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ , 1 ਅਕਤੂਬਰ
ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਿਰਦੇਸ਼ਾਂ ’ਤੇ ਅੱਜ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਨਗਰ ਪੰਚਾਇਤ ਅਰਨੀਵਾਲਾ ਸ਼ੇਖ ਸੁਭਾਨ ਦੇ ਗਊਸ਼ਾਲਾ ਵਿੱਚ ਬਣ ਰਹੇ ਸ਼ੈਡ ਦੇ ਨਿਰਮਾਣ ਦੀ ਜਾਂਚ ਕੀਤੀ। ਇਸ ਦੌਰਾਨ ਵੱਡੀ ਧਾਂਦਲੀ ਸਾਹਮਣੇ ਆਈ। ‘ਆਪ’ ਦੇ ਸੀਨੀਅਰ ਆਗੂ ਮਾ. ਦੇਵ ਰਾਜ ਸ਼ਰਮਾ ਅਤੇ ਪਵਨ ਕੁਮਾਰ ਕਾਮਰੇਡ ਵੱਲੋਂ ਅੱਜ ਆਪਣੀ ਟੀਮ ਸਣੇ ਮੰਡੀ ਅਰਨੀਵਾਲਾ ਦੇ ਗਊਸ਼ਾਲਾ ਦੇ ਸ਼ੈੱਡ ਵਿੱਚ ਵਰਤੀ ਗਈ ਨਿਰਮਾਣ ਸਮੱਗਰੀ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਸ਼ੈੱਡ ਦੇ ਨਿਰਮਾਣ ਵਿੱਚ ਜੋ ਇੱਟ ਵਰਤੀ ਗਈ ਹੈ ਉਹ ਦੂਜੇ ਦਰਜੇ ਦੀ ਹੈ। ਚਨਾਈ ਲਈ ਜੋ ਸੀਮਿੰਟ ਵਰਤਿਆ ਗਿਆ ਹੈ ਉਸ ਦੀ ਕੁਆਲਿਟੀ ਕਾਫੀ ਖਰਾਬ ਪਾਈ ਗਈ। ਸੀਮਿੰਟ ਦੇ ਥੈਲੇ ਖੋਲ੍ਹ ਕੇ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਸੀਮਿੰਟ ਕਾਫੀ ਪੁਰਾਣਾ ਸੀ ਅਤੇ ਇਸ ਦੀਆਂ ਡਲੀਆਂ ਬਣ ਚੁੱਕੀਆਂ ਸਨ। ਇਸ ਨੂੰ ਦੋਬਾਰਾ ਪੀਸ ਕੇ ਘੋਲ ਕੇ ਅਤੇ ਛਾਣ ਕੇ ਸ਼ੈੱਡ ਦੇ ਨਿਰਮਾਣ ਅਤੇ ਕੰਧਾਂ ਨੂੰ ਪਲੱਸਤਰ ਕਰਨ ਲਈ ਵਰਤਿਆ ਗਿਆ ਹੈ। ‘ਆਪ’ ਆਗੂ ਪਵਨ ਕਾਮਰੇਡ ਅਤੇ ਮਾ. ਦੇਵ ਰਾਜ ਸ਼ਰਮਾ ਨੇ ਦੱਸਿਆ ਕਿ 30 ਲੱਖ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਦੇ ਸ਼ੈੱਡ ਦਾ ਨਿਰਮਾਣ ਕੀਤਾ ਜਾਣਾ ਸੀ। ਜ਼ਿਕਰਯੋਗ ਹੈ ਕਿ ਮੰਡੀ ਦੇ ਵਾਸੀਆਂ ਨੇ ਇਸ ਸਬੰਧੀ ਵਿਧਾਇਕ ਨੂੰ ਸ਼ਿਕਾਇਤ ਕੀਤੀ ਸੀ। ਮੌਕੇ ’ਤੇ ਮੌਜੂਦ ‘ਆਪ’ ਆਗੂਆਂ ਨੇ ਦੱਸਿਆ ਕਿ ਇਸ ਕੰਮ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। 30 ਲੱਖ ਰੁਪਏ ਦੇ ਕੰਮ ਵਿੱਚ ਸਬੰਧਤ ਠੇਕੇਦਾਰ ਨੂੰ ਵਿਭਾਗ ਵੱਲੋਂ 11 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਾਂਚ ਕੀਤੇ ਜਾਣ ਸਬੰਧੀ ਅਧਿਕਾਰੀਆਂ ਨੂੰ ਪਹਿਲਾ ਤੋਂ ਦੱਸ ਦਿੱਤਾ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਨਾ ਤਾਂ ਜੇਈ, ਨਾ ਈਓ ਅਤੇ ਠੇਕੇਦਾਰ ਮੌਕੇ ’ਤੇ ਪਹੁੰਚਿਆ। ਇਸ ਕਾਰਨ ਬਾਕੀ ਬਕਾਇਆ ਰਕਮ ਦੀ ਅਦਾਇਗੀ ਰੋਕਣ ਲਈ ਸਬੰਧਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਘਪਲੇਬਾਜ਼ਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਗਊਸ਼ਾਲਾ ਦੇ ਕੰਮ ਦੀ ਜਾਂਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਰਨਗੇ: ਡੀਸੀ
ਫਾਜ਼ਿਲਕਾ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਕਾਫੀ ਗੰਭੀਰ ਹੈ। ਉਹ ਇਸ ਪੂਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।