ਪੱਤਰ ਪ੍ਰੇਰਕ
ਰਾਮਾਂ ਮੰਡੀ, 20 ਜੁਲਾਈ
ਇੱਥੋਂ ਦੇ ਕੈਂਚੀਆਂ ਚੌਕ ਤੋਂ ਲੈ ਕੇ ਰਾਮਾਂ ਪਿੰਡ ਦੀ ਫਿਰਨੀ ਤੱਕ ਪਹਿਲਾਂ ਤੋਂ ਬਣੀ ਹੋਈ ਸੜਕ ’ਤੇ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ ਦੁਪਿਹਰ ਸਮੇਂ ਮੰਡੀ ਵਿੱਚ ਜੋਰਦਾਰ ਬਾਰਸ਼ ਸ਼ੁਰੂ ਹੋ ਗਈ ਪਰ ਠੇਕੇਦਾਰ ਨੇ ਬਾਰਸ਼ ਦੀ ਪਰਵਾਹ ਕੀਤੇ ਬਿਨਾਂ ਹੀ ਸੜਕ ’ਤੇ ਲੁੱਕ ਬਜਰੀ ਪਾਉਣ ਦਾ ਕੰਮ ਜਾਰੀ ਰੱਖਿਆ। ਇਸ ਸੜਕ ਦੇ ਨੇੜਲੇ ਦੁਕਾਨਦਾਰਾਂ ਨੇ ਕਿਹਾ ਕਿ ਬਾਰਸ਼ ਦੌਰਾਨ ਸੜਕ ’ਤੇ ਕਈ ਥਾਈਂ ਪਾਣੀ ਭਰ ਗਿਆ ਸੀ ਜਿਸ ਉੱਤੇ ਜਲਦਬਾਜ਼ੀ ਵਿੱਚ ਮਟੀਰੀਅਲ ਪਾ ਕੇ ਕੰਮ ਨਬਿੇੜ ਦਿੱਤਾ ਗਿਆ। ਦੁਕਾਨਦਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਇਹ ਸੜਕ ਦਾ ਟੋਟਾ ਜਲਦੀ ਹੀ ਟੁੱਟ ਜਾਵੇਗਾ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸੜਕ ਦੇ ਜਿਸ ਟੋਟੇ ਵਿੱਚ ਲੁੱਕ ਬਜਰੀ ਵਿੱਚ ਬਾਰਸ਼ ਦਾ ਪਾਣੀ ਰਲਿਆ ਹੈ, ਉਹ ਦੁਬਾਰਾ ਤੋਂ ਬਣਾਇਆ ਜਾਵੇ। ਇਸ ਬਾਰੇ ਜਦੋਂ ਨਗਰ ਕੌਂਸਲ ਰਾਮਾਂ ਦੇ ਕਾਰਜ ਸਾਧਕ ਅਫਸਰ ਸੁਵਦੇਖ ਸਿੰਘ ਕੌਲਧਰ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੋਈ ਢੁਕਵਾਂ ਜਵਾਬ ਨਾ ਦਿੰਦਿਆਂ ਅੱਗਿਓਂ ਫੋਨ ਕੱਟ ਦਿੱਤਾ।