ਖੇਤਰੀ ਪ੍ਰਤੀਨਿਧ
ਬਰਨਾਲਾ, 2 ਨਵੰਬਰ
ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਬਰਨਾਲਾ ਜੱਜ ਦਵਿੰਦਰ ਗੁਪਤਾ ਦੀ ਅਦਾਲਤ ਨੇ ਇਕ ਸੜਕ ਹਾਦਸੇ ਦੇ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਇਕ ਇੰਸ਼ੋਰੈਂਸ ਕੰਪਨੀ ਨੂੰ ਸੀਨੀਅਰ ਵਕੀਲ ਦਰਸ਼ਨ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 23.11 ਲੱਖ ਰੁਪਏ ਦਾ ਕਲੇਮ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਬੱਸ ਸਟੈਂਡ ਧੌਲਾ ਗਿਆ ਸੀ ਤਾਂ ਜੀਟੀ ਰੋਡ ’ਤੇ ਧੌਲਾ ਬੱਸ ਸਟੈਂਡ ਨੇੜੇ ਇੱਕ ਜੀਪ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਵਾਸੀ ਸੀਗੋ ਤੇ ਜਗਸੀਰ ਸਿੰਘ ਸੜਕ ਉਪਰ ਡਿੱਗ ਪਏ। ਇੰਨੇ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਸੜਕ ’ਤੇ ਡਿੱਗੇ ਪਏ ਨੌਜਵਾਨਾਂ ਦੀਆਂ ਲੱਤਾਂ ਉਪਰੋਂ ਲੰਘ ਗਿਆ। ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ ਜਿੱਥੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਜਗਸੀਰ ਸਿੰਘ ਦੀ ਇੱਕ ਲੱਤ ਕੱਟੀ ਗਈ। ਪੁਲੀਸ ਨੇ ਜੀਪ ਚਾਲਕ ਪੂਰਨ ਸਿੰਘ ਵਾਸੀ ਅਕਲੀਆ ਖ਼ਿਲਾਫ਼ 7 ਜਨਵਰੀ 2016 ਨੂੰ ਥਾਣਾ ਤਪਾ ਵਿੱਚ ਕੇਸ ਦਰਜ ਕੀਤਾ ਸੀ। ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਵਕੀਲ ਦਰਸ਼ਨ ਸਿੰਘ ਸਿੱਧੂ ਵੱਲੋਂ ਪੇਸ਼ ਤੱਥਾਂ/ਦਲੀਲਾਂ ਨਾਲ ਸਹਿਮਤ ਹੁੰਦਿਆਂ ਨੈਸ਼ਨਲ ਇੰਸ਼ੋਰਸ ਕੰਪਨੀ ਨੂੰ 23.11 ਲੱਖ ਰੁਪਏ ਪੀੜਤ ਜਗਸੀਰ ਸਿੰਘ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਹੈ।