ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਜੂਨ
ਧਰਮਕੋਟ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਪੁਲੀਸ ਤੋਂ ਡਰਦਿਆਂ ਆਪਣੀ ਸੱਸ ਦੀ ਹੱਤਿਆ ਦਾ ਜੁਰਮ ਕਬੂਲ ਕਰ ਲਿਆ ਜਦਕਿ ਬਾਅਦ ਵਿੱਚ ਉਸ ਦੀ ਸੱਸ ਅੰਮ੍ਰਿਤਸਰ ’ਚੋਂ ਸਹੀ ਸਲਾਮਤ ਘਰ ਪਰਤ ਆਈ। ਜਾਣਕਾਰੀ ਅਨੁਸਾਰ ਲੰਘੀ 2 ਜੂਨ ਨੂੰ ਇਕ ਬਿਰਧ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲੀ ਗਈ।
ਕਰੀਬ ਦੋ ਹਫ਼ਤਿਆਂ ਤੱਕ ਉਸ ਦੇ ਘਰ ਨਾ ਪਰਤਣ ’ਤੇ ਬਿਰਧ ਦੇ ਵਿਦੇਸ਼ ਰਹਿੰਦੇ ਪੁੱਤਰ ਨੇ ਆਪਣੀ ਪਤਨੀ ਨੂੰ ਪੁਲੀਸ ਕੋਲ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਆਖਿਆ। ਇਸ ’ਤੇ ਉਸ ਦੀ ਪਤਨੀ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਥਾਣੇ ਗੁਮਸ਼ੁਦਗੀ ਦੀ ਇਤਲਾਹ ਦੇਣ ਚਲੀ ਗਈ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਵੀ ਥਾਣੇ ਪੁੱਜ ਗਏ। ਉਨ੍ਹਾਂ ਦੋਸ਼ ਲਾਇਆ ਕਿ ਬਜ਼ੁਰਗ ਔਰਤ ਗੁਮ ਨਹੀਂ ਹੋਈ ਸਗੋਂ ਉਸ ਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਅਕਸਰ ਨੂੰਹ-ਸੱਸ ਵਿੱਚ ਤਕਰਾਰ ਰਹਿੰਦੀ ਸੀ। ਮੰਨਿਆ ਜਾ ਰਿਹਾ ਹੈ ਕਿ ਪੁਲੀਸ ਦੇ ਡਰ ਕਾਰਨ ਉਕਤ ਔਰਤ ਨੇ ਮੋਹਤਬਰਾਂ ਤੇ ਆਮ ਲੋਕਾਂ ਦੇ ਸਾਹਮਣੇ ਹੱਤਿਆ ਦਾ ਜੁਰਮ ਕਬੂਲ ਕਰ ਲਿਆ। ਪੁਲੀਸ ਨੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਧਰਮਕੋਟ ਪੁਲੀਸ ਨੇ ਔਰਤ ਵੱਲੋਂ ਜੁਰਮ ਕਬੂਲ ਕਰਨ ਦੇ ਬਾਵਜੂਦ ਕਾਨੂੰਨੀ ਕਾਰਵਾਈ ਕਰਨ ਵਿਚ ਜਲਦਬਾਜ਼ੀ ਨਹੀਂ ਕੀਤੀ ਸਗੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਜ਼ੁਰਗ ਔਰਤ ਨੇ ਕਿਸੇ ਤਰ੍ਹਾਂ ਦਰਬਾਰ ਸਾਹਿਬ ਤੋਂ ਵੱਟਸਐੱਪ ਉੱਤੇ ਆਪਣੇ ਦੁਬਈ ਰਹਿੰਦੇ ਪੁੱਤਰ ਨਾਲ ਸੰਪਰਕ ਕਰ ਲਿਆ। ਮਾਂ ਬਾਰੇ ਪਤਾ ਲੱਗਣ ’ਤੇ ਉਹ ਦੁਬਈ ਤੋਂ ਅੰਮ੍ਰਿਤਸਰ ਪੁੱਜ ਗਿਆ ਤੇ ਆਪਣੀ ਬਜ਼ੁਰਗ ਮਾਂ ਦੇ ਮਿਲਣ ਬਾਰੇ ਸ਼ਹਿਰ ਦੇ ਕੌਂਸਲਰ ਨਾਲ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮਗਰੋਂ ਬਜ਼ੁਰਗ ਔਰਤ ਆਪਣੇ ਪੁੱਤ ਨਾਲ ਥਾਣੇ ਪੁੱਜ ਗਈ ਜਿਸ ਕਾਰਨ ਪੁਲੀਸ ਅਧਿਕਾਰੀ ਤੇ ਹੋਰ ਸ਼ਹਿਰੀ ਵੀ ਹੈਰਾਨ ਰਹਿ ਗਏ।
ਪੁਲੀਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ: ਡੀਐੱਸਪੀ
ਇਸ ਘਟਨਾ ਦੀ ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਪੁਲੀਸ ਵੱਲੋਂ ਫ਼ਿਲਹਾਲ ਕੋਈ ਕਾਨੂੰਨੀ ਕਾਰਵਾਈ ਰਿਕਾਰਡ ਉੱਤੇ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਜਦੋਂ ਬਿਰਧ ਆਪਣੇ ਪੁੱਤਰ ਨਾਲ ਥਾਣੇ ਆਈ ਤਾਂ ਉਨ੍ਹਾਂ ਉਸ ਨਾਲ ਗੱਲਬਾਤ ਕੀਤੀ ਅਤੇ ਉਸ ਔਰਤ ਨੇ ਦੱਸਿਆ ਕਿ ਉਹ ਖੁਦ ਗਈ ਸੀ ਤੇ ਉਸ ਦਾ ਉਸ ਦੀ ਨੂੰਹ ਨਾਲ ਕੋਈ ਝਗੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਪਰਿਵਾਰ ਨੂੰ ਜਾਣ ਦਿੱਤਾ ਗਿਆ।