ਜਗਤਾਰ ਸਿੰਘ ਅਣਜਾਨ
ਮੌੜ ਮੰਡੀ, 18 ਅਕਤੂਬਰ
ਪਿੰਡ ਮੌੜ ਖੁਰਦ ਦੀ ਜੰਮਪਲ ਲੜਕੀ ਰਮਨਦੀਪ ਕੌਰ ਨੇ ਹਰਿਆਣਾ ਵਿੱਚ ਜੱਜ ਬਣ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਰਮਨਦੀਪ ਕੌਰ ਦੇ ਜੱਜ ਬਣਨ ’ਤੇ ਸਨੇਹੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਮਨਦੀਪ ਕੌਰ ਦੇ ਪਿਤਾ ਮਾਸਟਰ ਜਗਜੀਤ ਸਿੰਘ ਅਤੇ ਮਾਤਾ ਯਾਦਵਿੰਦਰ ਕੌਰ ਲੈਕਚਰਾਰ ਨੇ ਦੱਸਿਆ ਰਮਨਦੀਪ ਕੌਰ ਪੜ੍ਹਾਈ ਵਿੱਚ ਪਹਿਲਾਂ ਤੋਂ ਹੀ ਹੁਸ਼ਿਆਰ ਹੈ। ਉਹ ਆਪਣੀ ਸਖ਼ਤ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਕੌਰ ਹਰਿਆਣਾ ਜੁਡੀਸ਼ਲ ਸਰਵਿਸਿਜ਼ (2023-24) ਦਾ ਪੇਪਰ 17ਵੇਂ ਰੈਂਕ ਵਿੱਚ ਪਾਸ ਕਰਕੇ ਜੱਜ ਬਣੀ ਹੈ। ਉਨ੍ਹਾਂ ਬੇਟੀ ਦੀ ਇਸ ਸਫਲਤਾ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਧਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਮਨਦੀਪ ਕੌਰ ਦੇ ਜੱਜ ਬਣਨ ’ਤੇ ਸਨਮਾਨ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਪ੍ਰਗਟ ਸਿੰਘ ਮੌੜ ਨੇ ਕਿਹਾ ਕਿ ਰਮਨਦੀਪ ਕੌਰ ਦੇ ਜੁਡੀਸ਼ਲ ਸਰਵਿਸਿਜ਼ ਪ੍ਰੀਖਿਆ ਪਾਸ ਕਰਨ ਨਾਲ ਪੇਂਡੂ ਬੱਚਿਆਂ ਨੂੰ ਨਵੀਂ ਊਰਜਾ ਮਿਲੇਗੀ ਤੇ ਉਨ੍ਹਾਂ ਨੂੰ ਉੱਚ ਅਹੁਦਿਆਂ ’ਤੇ ਪਹੁੰਚਣ ਲਈ ਪ੍ਰੇਰਨਾ ਮਿਲੇਗੀ। ਇਸ ਮੌਕੇ ਗੁਰੂ ਤੇਗ ਬਹਾਦਰ ਕਲੱਬ ਮੌੜ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੀ ਮੌੜ ਖੁਰਦ ਦੀ ਹੋਣਹਾਰ ਰਮਨਦੀਪ ਕੌਰ ਨੂੰ ਜੱਜ ਬਣਨ ’ਤੇ ਸਨਮਾਨਿਤ ਕੀਤਾ।