ਪਰਸ਼ੋਤਮ ਬੱਲੀ
ਬਰਨਾਲਾ, 6 ਨਵੰਬਰ
ਡੀਏਪੀ ਖਾਦ ਦਾ ਬਰਨਾਲਾ ਵਿੱਚ ਰੈਕ ਲਗਵਾਉਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨੀ ਬਾਅਦ ਦੁਪਹਿਰ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ, ਬਿੰਦਰ ਸਿੰਘ ਸੰਧੂ, ਜਰਨੈਲ ਸਿੰਘ ਜਵੰਧਾ, ਨਿਰਪਜੀਤ ਸਿੰਘ ਬਡਬਰ ਤੇ ਰਾਮ ਸਿੰਘ ਸੰਘੇੜਾ ਨੇ ਕਿਹਾ ਕਿ ਕਿਸਾਨੀ ਜਿੱਥੇ ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਦੀ ਸਤਾਈ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ, ਉੱਥੇ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਘਾਟ ਦਾ ਸੰਕਟ ਮੰਡਰਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਗਾ ਰੈਕ ਲੱਗਣ ਤੋਂ ਉਪਜੇ ਵਿਵਾਦ ਦੇ ਹੱਲ ਸਬੰਧੀ ਜਦ ‘ਆਪ’ ਤੇ ਬੀਜੇਪੀ ਉਮੀਦਵਾਰਾਂ ਦੇ ਘਰਾਂ ਅੱਗੇ ਲੱਗੇ ਮੋਰਚਿਆਂ ਤੋਂ ਕਾਫ਼ਲੇ ਦੇ ਰੂਪ ਵਿੱਚ ਕਿਸਾਨ ਡੀਸੀ ਨੂੰ ਮਿਲਣ ਪੁੱਜੇ ਤਾਂ ਉਹ ਖਾਣਾ ਖਾਣ ਲਈ ਦਫ਼ਤਰੋਂ ਚਲੇ ਗਏ ਤੇ ਮੁੜ ਦਫ਼ਤਰ ਨਾ ਆਏ। ਆਗੂਆਂ ਨੇ ਕਿਹਾ ਇਸ ਵਿਵਹਾਰ ਤੋਂ ਖਫ਼ਾ ਹੋ ਕੇ ਕਿਸਾਨਾਂ ਨੇ ਦਫ਼ਤਰ ਅੱਗੇ ਹੀ ਧਰਨਾ ਲਗਾ ਦਿੱਤਾ। ਅਖ਼ੀਰ ਇਸ ਵਿਸ਼ੇ ਸਬੰਧੀ ਡੀਸੀ ਨਾਲ ਭਲਕੇ ਸਵੇਰੇ 10 ਵਜੇ ਲਾਜ਼ਮੀ ਮੀਟਿੰਗ ਤੈਅ ਦਾ ਭਰੋਸਾ ਦਿਵਾ ਕੇ ਮਾਮਲਾ ਅਧਿਕਾਰੀਆਂ ਨੇ ਸ਼ਾਂਤ ਕੀਤਾ ਤੇ ਸ਼ਾਮ 5 ਵਜੇ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ।