ਪੱਤਰ ਪ੍ਰੇਰਕ
ਮਾਨਸਾ, 25 ਸਤੰਬਰ
ਮਾਨਸਾ ਨੇੜਲੇ ਪਿੰਡ ਨੰਗਲ ਖੁਰਦ ਵਿੱਚ ਮਕਾਨ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਬੀਤੀ ਰਾਤ ਮਕਾਨ ਵਿੱਚ ਕਰੰਟ ਆ ਗਿਆ ਜਿਸ ਕਾਰਨ ਮਜਦੂਰ ਹਬੀਬ ਖਾਂ (55) ਪੁੱਤਰ ਨਿਜਾਮ ਖਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਲੋੜਵੰਦ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ।
ਮ੍ਰਿਤਕ ਹਬੀਬ ਖਾਂ ਦੇ ਪੁੱਤਰ ਬਾਰਾ ਖਾਂ ਨੇ ਦੱਸਿਆ ਕਿ ਉਹ ਪਾਵਰਕੌਮ ਮਹਿਕਮੇ ਨੂੰ ਮਕਾਨ ਉੱਪਰੋ ਬਿਜਲੀ ਦੀਆਂ ਤਾਰਾਂ ਹਟਾਉਣ ਲਈ ਕਈ ਵਾਰ ਲਿਖਤੀ ਬੇਨਤੀ ਕਰ ਚੁੱਕੇ ਹਨ ਅਤੇ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਨ੍ਹਾਂ ਤਾਰਾਂ ਦੀ ਥਾਂ ਪਲਾਸਟਿਕ ਵਾਲੀਆਂ ਤਾਰਾਂ ਪਾ ਦੇਣਗੇ। ਉਨ੍ਹਾਂ ਕਿਹਾ ਕਿ ਫਿਰ ਇੱਕ ਤਾਰ ਹਟਾ ਕੇ ਪਾਵਰਕੌਮ ਮੁਲਾਜ਼ਮਾਂ ਨੇ ਕਿਹਾ ਕਿ ਕਰੰਟ ਵਾਲੀ ਤਾਰ ਹਟਾ ਦਿੱਤੀ ਗਈ ਹੈ ਤੇ ਹੁਣ ਸਿਰਫ ਅਰਥ ਵਾਲੀਆਂ ਤਾਰਾਂ ਹੀ ਬਚੀਆਂ ਹਨ। ਮਹਿਕਮੇ ਦੇ ਅਧਿਕਾਰੀਆਂ ਦੇ ਭਰੋਸੇ ਮਗਰੋਂ ਪਰਿਵਾਰ ਸਤੁੰਸ਼ਟ ਹੋ ਗਿਆ ਪਰ ਰਾਤ ਵੇਲੇ ਇਹ ਭਾਣਾ ਵਰਤ ਗਿਆ।
ਸੀਪੀਆਈ (ਐਮ) ਦੇ ਸੂਬਾਈ ਆਗੂ ਤੇ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਮਜ਼ਦੂਰ ਪਰਿਵਾਰ ਨੂੰ ਇਨਸਾਫ ਦੇਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਪਰਿਵਾਰ ਨੂੰ ਆਰਥਿਕ ਤੌਰ ’ਤੇ ਰਾਹਤ ਮਿਲ ਸਕੇ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।