ਪੱਤਰ ਪ੍ਰੇਰਕ
ਮਾਨਸਾ, 14 ਮਈ
ਗਰਮੀਆਂ ਦੀਆਂ ਛੁੱਟੀਆਂ ਨੇ ਅਧਿਆਪਕਾਂ ਨੂੰ ਇਕ ਵਾਰ ਫਿਰ ਭੰਬਲਭੂਸੇ ’ਚ ਪਾ ਦਿੱਤਾ ਹੈ, ਪੰਜਾਬ ਸਰਕਾਰ ਨੇ ਪਹਿਲਾਂ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਮੱਦੇਨਜ਼ਰ ਅਧਿਆਪਕਾਂ ਨੇ ਵੀ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਛੁੱਟੀਆਂ ਕਰਦਿਆਂ ਸਕੂਲਾਂ ਨੂੰ ਜਿੰਦੇ ਲਾ ਦਿੱਤੇ ਸਨ, ਪਰ ਬਾਅਦ ’ਚ ਸਰਕਾਰ ਦੇ ਆਏ ਨਵੇਂ ਫੁਰਮਾਨ ਨੇ ਅਧਿਆਪਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਅਧਿਆਪਕ ਹੁਣ ਪਿੰਡ-ਪਿੰਡ ਗੁਰੂ ਘਰਾਂ ਤੋਂ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਮੁੜ ਸਕੂਲ ਆਉਣ ਲਈ ਅਪੀਲਾਂ ਕਰਨ ਲੱਗੇ ਹਨ, ਜਿਸ ਕਾਰਨ ਮਾਪਿਆਂ ਦੀ ਨਜ਼ਰ ’ਚ ਵੀ ਨਵੀਂ ਸਰਕਾਰ ਦੇ ਵਾਰ-ਵਾਰ ਬਦਲਦੇ ਫੈਸਲੇ ਮਜ਼ਾਕ ਦਾ ਪਾਤਰ ਬਣਨ ਲੱਗੇ ਹਨ। ਮਾਪੇ ਹੁਣ ਸਵਾਲ ਵੀ ਕਰਨ ਲੱਗੇ ਨੇ ਕਿ ਕੀ ਹੁਣ ਗਰਮੀ ਘਟ ਗਈ ਹੈ। ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਕਿ ਸਰਕਾਰਾਂ ਨੇ ਸਕੂਲਾਂ ਨੂੰ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਨੂੰ, ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਪਕ ਛੁੱਟੀਆਂ ਦੇ ਲਾਲਚੀ ਨਹੀਂ ਹਨ ਪਰ ਫੈਸਲਿਆਂ ਨੂੰ ਵਾਰ ਵਾਰ ਬਦਲਣਾ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ। ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਅਧਿਆਪਕਾਂ ਵੱਲ੍ਹੋਂ ਛੁੱਟੀਆਂ ਦੇ ਮੱਦੇਨਜ਼ਰ ਵਾਧੂ ਪਏ ਮਿਡ-ਡੇਅ ਮੀਲ ਦੇ ਸਾਮਾਨ ਨੂੰ ਵਾਪਿਸ ਕਰ ਦਿੱਤਾ ਸੀ, ਹੁਣ ਜਿਥੇ ਉਹ ਵਿਦਿਆਰਥੀਆਂ ਨੂੰ ਵਾਪਸ ਬਲਾਉਣ ਲਈ ਪਿੰਡਾਂ ਦੇ ਗੁਰੂ ਘਰਾਂ ’ਚੋਂ ਅਨਾਊਂਸਮੈਂਟ ਕਰਨ ਦੇ ਨਾਲ-ਨਾਲ ਫੋਨਾਂ ਜ਼ਰੀਏ ਵੀ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਉਹ ਛੁੱਟੀਆਂ ਦੇ ਪਹਿਲੇ ਫੈਸਲੇ ਮੁਤਾਬਿਕ ਨਾਨਕੇ ਘਰਾਂ ਜਾਂ ਹੋਰ ਰਿਸ਼ਤੇਦਾਰੀਆਂ ’ਚ ਨਾ ਜਾਣ। ਦੂਜੇ ਬੰਨੇ ਡੀਟੀਐੱਫ ਦੇ ਸੂਬਾਈ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਨੇ ਇਸ ਫੈਸਲੇ ਦਾ ਬੇਸ਼ੱਕ ਸਵਾਗਤ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਹੀ ਦਰੁਸਤ ਫੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਵਾਰ ਵਾਰ ਫੈਸਲੇ ਬਦਲਣ ਨਾਲ ਸਕੂਲਾਂ ਦਾ ਮਹੌਲ ਖਰਾਬ ਨਾ ਹੋਵੇ। ਅਧਿਆਪਕ ਆਗੂ ਹਰਦੀਪ ਸਿੱਧੂ, ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਪਹਿਲਾ ਹੀ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਸਰਕਾਰ ਨੂੰ ਹੁਣ ਗੰਭੀਰਤਾ ਨਾਲ ਸਕੂਲਾਂ ’ਚ ਆਪਣੇ ਸਹੀ ਫੈਸਲਿਆਂ ਨੂੰ ਲਾਗੂ ਕਰਨ ਦੀ ਲੋੜ ਹੈ।