ਨਵਕਿਰਨ ਸਿੰਘ
ਮਹਿਲ ਕਲਾਂ, 21 ਮਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਇਕਾਈ ਵੱਲੋਂ ਨੇੜਲੇ ਪਿੰਡ ਛੀਨੀਵਾਲ ਕਲਾਂ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣਾਂ ਲੜਨ ਦਾ ਫ਼ੈਸਲਾ ਉਨ੍ਹਾਂ ਦਾ ਇਕੱਲਿਆਂ ਦਾ ਨਹੀਂ ਸੀ ਬਲਕਿ ਕਿਸਾਨ ਮੋਰਚਾ ਜਿੱਤਣ ਬਾਅਦ 22 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਿਹਾ ਸੀ ਕਿ ਸਾਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਪਰ ਬਾਅਦ ਵਿੱਚ ਕੁਝ ਜਥੇਬੰਦੀਆਂ ਸਾਥ ਛੱਡ ਗਈਆਂ।
ਉਨ੍ਹਾਂ ਕਿਹਾ ਕਿ ਨਿਵਾਣ ਵੱਲ ਜਾ ਰਹੇ ਪੰਜਾਬ ਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਸਾਨੂੰ ਫ਼ਸਲੀ ਵਿਭਿੰਨਤਾ ਵੱਲ ਜ਼ੋਰ ਦੇਣਾ ਪਵੇਗਾ ਪਰ ਨੀਵੇਂ ਹੋ ਰਹੇ ਪਾਣੀ ਦੇ ਪੱਧਰ ਲਈ ਇਕੱਲੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਹਰ ਕਿਸਾਨ ਆਪਣੀ ਮੋਟਰ ’ਤੇ ਵੱਧ ਤੋਂ ਵੱਧ ਬੂਟੇ ਲਗਾਵੇ।
ਉਨ੍ਹਾਂ ਕਿਹਾ ਕਿ ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਰਕਰਾਰ ਰਹਿਣੀ ਚਾਹੀਦੀ ਹੈ ਅਤੇ ਪੰਜਾਬ ਦੇ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ। ਇਨ੍ਹਾਂ ਮਸਲਿਆਂ ਦੇ ਹੱਲ ਲਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਜੇ ਸਰਕਾਰਾਂ ਨੇ ਗੱਲ ਨਾ ਸੁਣੀ ਤਾਂ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਮੋਰਚਾ ਵਿੱਢਿਆ ਜਾਵੇਗਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਓਟ ਹੇਠ ਅਬਾਦਕਾਰ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ।