ਪੱਤਰ ਪ੍ਰੇਰਕ
ਮਾਨਸਾ, 11 ਮਾਰਚ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਰਾਜ ’ਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਹਾਰ ਦਾ ਠੀਕਰਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਿਰ ਭੰਨਦਿਆਂ ਕਿਹਾ ਕਿ ਗਲਤ ਵਿਅਕਤੀਆਂ ਤੇ ਸਿਫਾਰਸ਼ੀ ਲੋਕਾਂ ਨੂੰ ਪੈਸਿਆਂ ਨਾਲ ਵੇਚੀਆਂ ਗਈਆਂ ਟਿਕਟਾਂ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਥਾਵਾਂ ਤੋਂ ਚੋਣ ਲੜ ਕੇ ਹਾਰ ਜਾਵੇ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਵਜ਼ੀਰ ਚੋਣਾਂ ਵਿੱਚ ਹਾਰ ਗਏ ਹਨ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਹੁਤੀਆਂ ਥਾਵਾਂ ’ਤੇ ਤੀਜੇ ਤੇ ਚੌਥੇ ਸਥਾਨ ’ਤੇ ਆਏ ਹਨ ਤੇ ਅਜਿਹੀ ਹਾਰ ਅੱਜ ਤੱਕ ਪੰਜਾਬ ਦੇ ਇਤਿਹਾਸ ’ਚ ਕਦੇ ਵੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਮਿਲਕੇ ਟਿਕਟਾਂ ਦੀ ਵੰਡ ਵੇਲੇ ਲਾਲਚ ’ਚ ਆ ਕੇ ਕੀਤੀ ਗਈ ਕਾਣੀ ਵੰਡ ਨੇ ਅੱਜ ਦੇਸ਼ ਭਰ ’ਚ ਕਾਂਗਰਸ ਦਾ ਜਲੂਸ ਕੱਢਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਨੇ ਜਾਤੀ ਰੰਜ਼ਿਸ਼ ਕਾਰਨ ਜਿੱਤਣ ਵਾਲੇ ਆਗੂਆਂ ਨੂੰ ਟਿਕਟ ਤੋਂ ਵਾਂਝਾ ਕੀਤਾ। ਸ੍ਰੀ ਭੱਟੀ ਨੇ ਕਿਹਾ ਕਿ ਉਹ ਮਾਮਲਾ ਸੋਨੀਆ ਗਾਂਧੀ ਸਣੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੋਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਪਾਰਟੀ ਦੀ ਏਕਤਾ ਨੂੰ ਮੁੱਖ ਰੱਖਦਿਆਂ ਆਪਣਾ ਮੂੰਹ ਸੀਨੀਅਰ ਆਗੂਆਂ ਕੋਲ ਨਹੀਂ ਸੀ ਖੋਲ੍ਹਿਆ।