ਰਵਿੰਦਰ ਰਵੀ
ਬਰਨਾਲਾ, 4 ਜੁਲਾਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਪਿੰਡਾਂ ਵਿਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਮੀਂਹ ਨਾ ਪੈਣ ਅਤੇ ਮੌਸਮ ਵਿਚ ਸਿੱਲ ਨਾ ਹੋਣ ਕਾਰਨ ਅਜੇ ਤੱਕ ਨਰਮੇ ਦੀ ਫ਼ਸਲ ‘ਤੇ ਕਿਸੇ ਤਰ੍ਹਾਂ ਦੇ ਕੀੜੇ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ, ਜਿਸ ਕਾਰਨ ਨਰਮੇ ਦੀ ਫ਼ਸਲ ਨੂੰ ਅਜੇ ਕਿਸੇ ਕਿਸਮ ਦੇ ਕੀਟਨਾਸ਼ਕ ਦੇ ਛਿੜਕਾਅ ਦੀ ਲੋੜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਦੇ ਆਦੇਸ਼ਾਂ ’ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਟੀਮ ਅਤੇ ਤਿੰਨ ਬਲਾਕਵਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰੀ ਟੀਮ ਹਫ਼ਤੇ ਵਿਚ ਇਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫ਼ਤੇ ਵਿਚ ਦੋ ਵਾਰ ਨਰਮੇ ਦੀ ਫ਼ਸਲ ਦਾ ਨਿਰੀਖਣ ਕਰਨਗੀਆਂ। ਇਸ ਸਰਵੇਖਣ ਲਈ ਕਿਸਾਨਾਂ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬਲਾਕ ਬਰਨਾਲਾ ਦੀ ਟੀਮ ਦੀ ਅਗਵਾਈ ਡਾ. ਸੁਖਪਾਲ ਸਿੰਘ, ਬਲਾਕ ਸ਼ਹਿਣਾ ਦੀ ਡਾ. ਗੁਰਬਿੰਦਰ ਸਿੰਘ ਅਤੇ ਮਹਿਲ ਕਲਾਂ ਬਲਾਕ ਦੇ ਟੀਮ ਇੰਚਾਰਜ ਡਾ. ਲਖਵੀਰ ਸਿੰਘ ਖੇਤੀਬਾੜੀ ਅਫ਼ਸਰ ਅਤੇ ਜ਼ਿਲ੍ਹਾ ਪੱਧਰੀ ਟੀਮ ਦੀ ਅਗਵਾਈ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਕਰ ਰਹੇ ਹਨ।
ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਟੀਮਾਂ ਵੱਲੋਂ ਧਨੌਲਾ, ਸ਼ਹਿਣਾ, ਬਖਤਗੜ੍ਹ, ਪੱਖੋ ਕਲਾਂ, ਧੌਲਾ, ਰਾਏਸਰ, ਮਹਿਲ ਕਲਾਂ, ਮਹਿਲ ਖੁਰਦ, ਭੋਤਨਾ, ਕੋਟਦੁਨਾ ਦਾ ਸਰਵੇਖਣ ਕੀਤਾ ਗਿਆ ਅਤੇ ਫ਼ਸਲ ਉੱਪਰ ਕਿਸੇ ਵੀ ਕੀੜੇ ਮਕੌੜੇ ਦਾ ਕੋਈ ਹਮਲਾ ਨਹੀਂ ਹੈ।