ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਅਪਰੈਲ
ਸ਼ਹਿਰ ਦੀ ਸਭ ਤੋਂ ਜ਼ਿਆਦਾ ਵਿਅਸਤ ਅਤੇ ਕੋਟਕਪੂਰਾ, ਮੋਗਾ, ਲੁਧਿਆਣਾ, ਅੰਮ੍ਰਿਤਸਰ ਤੇ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਸੜਕ ਕੋਟਕਪੂਰਾ ਰੋਡ ਦੀ ਹਾਲਤ ਇਨ੍ਹੀਂ ਦਿਨ੍ਹੀਂ ਪਿੰਡ ਦੀ ਫਿਰਨੀ ਤੋਂ ਵੀ ਭੈੜੀ ਬਣੀ ਹੋਈ ਹੈ। ਸੜਕ ਦੇ ਇਕ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਾਣ ਵਾਲੀ ਪਾਈਪ ਪਾਈ ਹੈ ਅਤੇ ਦੂਜੇ ਪਾਸੇ ਬੱਸ ਅੱਡੇ ਦੇ ਜਲਘਰ ਨੂੰ ਸਪਲਾਈ ਦੇਣ ਲਈ ਪਾਈਪ ਪਾਈ ਹੈ। ਪਾਈਪਾਂ ਪਾਈਆਂ ਨੂੰ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਨਾ ਤਾਂ ਵਾਧੂ ਮਿੱਟੀ ਚੁੱਕੀ ਹੈ ਅਤੇ ਨਾ ਹੀ ਫਰਸ਼ ਲਾਇਆ ਹੈ। ਸੜਕ ਉਪਰ ਕੱਚੀ ਮਿੱਟੀ ਦੇ ਢੇਰ ਲੱਗੇ ਹੋਏ ਹਨ। ਕੱਚੀ ਮਿੱਟੀ ਸਾਰਾ ਦਿਨ ਉਡਦੀ ਰਹਿੰਦੀ ਹੈ ਅਤੇ ਇੱਟਾਂ ਵੱਡੇ ਸੜਕ ਉਪਰ ਖਿੱਲਰੇ ਰਹਿਣ ਕਰਕੇ ਰਾਹਗੀਰ ਡਿੱਗਦੇ ਢਹਿੰਦੇ ਰਹਿੰਦੇ ਹਨ। ਦੁਕਾਨਦਾਰ ਅਤੇ ਲੋਕਾਂ ਦੀ ਮੰਗ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਠੇਕੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਾਈਪ ਪਾਉਣ ਤੋਂ ਬਾਅਦ ਇਸ ਦੀ ਸਪਲਾਈ ਚੈੱਕ ਕਰਨੀ ਹੈ ਪਰ ਸੂਏ ਵਿੱਚ ਪਾਣੀ ਨਾ ਹੋਣ ਕਰਕੇ ਕੰਮ ਰੁਕਿਆ ਹੋਇਆ ਹੈ। ਇਹ ਕੰਮ ਪੂਰਾ ਹੁੰਦਿਆਂ ਹੀ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ।