ਨਗਰ ਕੌਂਸਲ ਦੀ ਮੀਟਿੰਗ ਵਿੱਚ ਮਤਾ ਪਾਸ
ਸੀ. ਮਾਰਕੰਡਾ
ਤਪਾ ਮੰਡੀ, 2 ਸਤੰਬਰ
ਦੀ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵੱਲੋਂ ਖਾਲੀ ਪਈ ਸ਼ਾਮਲਾਤ ਦੀ ਜ਼ਮੀਨ ਉਪਰ ਪਿਛਲੇ ਦਿਨੀਂ ਜਬਰੀ ਕੰਧ ਕੱਢ ਕੇ ਕਬਜ਼ਾ ਕਰ ਲਿਆ ਸੀ। ਨਗਰ ਕੌਂਸਲ ਤਪਾ ਨੇ ਇਸ ਨੂੰ ਆਪਣੀ ਮਲਕੀਅਤ ਦੱਸ ਕੇ ਇਹ ਕੰਧ ਢਾਹ ਦਿੱਤੀ ਸੀ। ਰੋਸ ਵਜੋਂ ਕਿਸਾਨਾਂ ਨੇ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਸੀ ਕਿ ਸਭਾ ਨੇ ਇਸ ਜਗਾ ਉਪਰ ਖੇਤੀ ਸੰਦਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਰੱਖ-ਰਖਾਅ ਲਈ ਗੁਦਾਮ ਦੀ ਤਾਮੀਰ ਕਰਨੀ ਹੈ ਪਰ ਹੁਣ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਭੂਤ ਨੇ ਦੱਸਿਆ ਕਿ ਇਸ ਖਾਲੀ ਪਈ ਜਗਾ ਵਿਚੋਂ ਕੁੱਝ ਥਾਂ ਖੇਤੀਬਾੜੀ ਸੁਸਾਇਟੀ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਨਗਰ ਕੌਂਸਲ ਨੂੰ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਇਹ ਜਗਾ ਕਿਸਾਨਾਂ ਦੇ ਹਿਤ ਵਿਚ ਵਰਤਣ ਲਈ ਸੁਸਾਇਟੀ ਨੂੰ ਦੇ ਦਿੱਤੀ ਜਾਵੇ। ਕੌਂਸਲ ਨੇ ਆਪਣੀ ਮੀਟਿੰਗ ਵਿੱਚ ਕਾਂਗਰਸੀ ਮੈਂਬਰਾਂ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਇਹ ਥਾਂ ਸੁਸਾਇਟੀ ਨੂੰ ਦੇ ਦਿੱਤੀ। ਉਨਾਂ ਦੱਸਿਆ ਕਿ ਇਸ ਮਤੇ ਦੀ ਹਮਾਇਤ ਆਜ਼ਾਦ ਕੌਂਸਲਰ ਧਰਮਪਾਲ ਸ਼ਰਮਾ ਨੇ ਵੀ ਕੀਤੀ । ਉਨ੍ਹਾਂ ਦੱਸਿਆ ਕਿ ਹੰਗਾਮਾ ਉਸ ਸਮੇਂ ਖੜ੍ਹਾ ਹੋ ਗਿਆ ਜਦੋਂ ਅਕਾਲੀ ਅਤੇ ‘ਆਪ’ ਦੇ ਕੌਂਸਲਰਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਪਰ ਬਹੁਮਤ ਨਾਲ ਕਿਸਾਨਾਂ ਦੀ ਭਲਾਈ ਲਈ ਇਹ ਮਤਾ ਪਾਸ ਹੋ ਗਿਆ।