ਪੱਤਰ ਪ੍ਰੇਰਕ
ਮਾਨਸਾ, 21 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਾਨਸਾ ਵਿੱਚ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਇਸ ਸਬੰਧੀ ਕਾਰਜਾਕਾਰੀ ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੀ ਸਮਾਪਤੀ ਮੌਕੇ ਅੰਡਰ-17 ਫੁਟਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਝੰਡੂਕੇ ਨੇ ਪਹਿਲਾ ਅਤੇ ਪਿੰਡ ਖਾਰਾ-ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21-40 ਸਾਲ ਪੁਰਸ਼ ਵਰਗ ਸ਼੍ਰੇਣੀ ਵਿੱਚ ਪਿੰਡ ਝੰਡੂਕੇ ਨੇ ਪਹਿਲਾ ਸਥਾਨ ਅਤੇ ਪਿੰਡ ਬਾਜੇਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋੋਹ ਦੇ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਨੇ ਪਹਿਲਾ ਅਤੇ ਸਕੂਲ ਅਤਲਾ ਕਲਾਂ ਨੇ ਦੂਜਾ ਅਤੇ ਪਿੰਡ ਕੁਸਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਬਰਨਾਲਾ ’ਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਅੱਜ ਅਥਲੈਟਿਕਸ ਵਿਚ 21 ਤੋਂ 40 ਉਮਰ ਵਰਗ ਮਹਿਲਾ ਦੀ 5000 ਮੀਟਰ ਦੌੜ ’ਚ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ ’ਚ ਰਿੰਪੀ ਕੌਰ ਤੇ 400 ਮੀਟਰ ’ਚ ਪੂਜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਗੱਤਕੇ ’ਚ ਅੰਡਰ 21 ਸਾਲ ਉਮਰ ਵਰਗ ’ਚ ਸਿੰਗਲ ਸੋਟੀ ਮੁਕਾਬਲੇ ਵਿਚ ਲੱਕੀ ਸਿੰਘ ਨੇ ਪਹਿਲਾ ਤੇ ਹੰਡਿਆਇਆ ਦੇ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਬਠਿੰਡਾ (ਪੱਤਰ ਪ੍ਰੇਰਕ): ਇੱਥੇ ਜ਼ਿਲ੍ਹਾ ਪੱਧਰੀ ਖੇਡਾਂ ਸਮਾਪਤ ਹੋ ਗਈਆਂ ਹਨ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਚੋਂ ਸ਼ਿਰਕਤ ਕਰਦਿਆਂ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ 23 ਹਜ਼ਾਰ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ ਹਨ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਹੈਂਡਬਾਲ ’ਚ ਮਾਤਾ ਗੁਜਰੀ ਸਕੂਲ ਦੀ ਟੀਮ ਜੇਤੂ
ਧਨੌਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਦੀਆਂ ਵਿਦਿਆਰਥਣਾਂ ਦੀ ਝੰਡੀ ਰਹੀ। ਉਨ੍ਹਾਂ ਨੇ ਅੰਡਰ-17 ਹੈਂਡ ਬਾਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹੈਂਡਬਾਲ ਅੰਡਰ-17 ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਮਾਤਾ ਗੁਜਰੀ ਸਕੂਲ ਅਤੇ ਅਕਾਲ ਐਕਡਮੀ ਟੱਲੇਵਾਲ ਦੀ ਟੀਮਾਂ ਵਿਚਕਾਰ ਹੋਇਆ ਸੀ, ਜਿਸ ਵਿੱਚ ਵਿਦਿਆਰਥਣਾਂ ਨੇ ਜਿੱਤ ਦਰਜ ਕੀਤੀ ਹੈ।