ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਖ਼ਿਲਾਫ਼ ਅੱਜ ਵਿਸ਼ਵ ਡਾਕਟਰ ਦਿਵਸ ’ਤੇ ਸਰਕਾਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਇੱਥੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਤੇ ਜੁਆਇੰਟ ਸਰਕਾਰੀ ਡਾਕਟਰਾਂ ਕੋਆਰਡੀਨੇਟਰ ਕਮੇਟੀ ਆਗੂ ਡਾ. ਗਗਨਦੀਪ ਸਿੰਘ ਤੇ ਜਥੇਬੰਦਕ ਸਕੱਤਰ ਡਾ. ਇਂੰਦਰਬੀਰ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਸੂਬੇ ਭਰ ਵਿੱਚ ਹੜਤਾਲ ਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਵਿਰੋਧ ਵਿੱਚ ਸਰਕਾਰੀ ਡਾਕਟਰ ਸੰਘਰਸ਼ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਰੁੱਖੀ ਕਾਰਨ ਡਾਕਟਰਾਂ ਨੂੰ ਅੱਜ ਵਿਸ਼ਵ ਡਾਕਟਰ ਦਿਵਸ ’ਤੇ ਵੀ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆ ਤਾਂ ਐਸੋਸੀਏਸ਼ਨ ਵੱਲੋਂ ਬਾਕੀ ਸਿਹਤ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਦੌਰਾਨ ਹੋਏ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ. ਨਵਦੀਪ ਬਰਾੜ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਦਿਵਸ ’ਤੇ ਪੰਜਾਬ ਦੇ ਡਾਕਟਰਾਂ ਨੂੰ ਫੋਕੀ ਸ਼ਾਬਾਸ਼ ਦੀ ਥਾਂ ਉਨ੍ਹਾਂ ਦੀਆ ਮੰਗਾਂ ਮੰਨ ਕੇ ਤੋਹਫਾ ਦੇਣਾ ਚਾਹੀਦਾ ਹੈ।
ਇਸ ਮੌਕੇ ਡਾ. ਬੀਰ ਇੰਦਰ ਆਗੂ ਵੈਟਨਰੀ ਡਾਕਟਰ, ਐਮਪੀਐਚ. ਡਬਲਿਯੂ ਸੂਬਾ ਪ੍ਰਧਾਨ ਕੁਲਵੀਰ ਢਿੱਲੋਂ, ਮਹਿੰਦਰਪਾਲ ਲੂੰਬਾ, ਰਾਜ ਕੁਮਾਰ ਅਤੇ ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਫਾਰਮੇਸੀ ਅਫ਼ਸਰ ਯੂਨੀਅਨ, ਡਾ. ਅਸ਼ੋਕ ਸਿੰਗਲਾ, ਡਾ. ਨਰਿੰਦਰਜੀਤ ਸਿੰਘ, ਡਾ. ਸੰਜੀਵ ਜੈਨ, ਡਾ. ਸੰਜੇ ਪਵਾਰ, ਡਾ. ਚਰਨਪ੍ਰੀਤ ਸਿੰਘ , ਡਾ. ਗੋਤਮਬੀਰ ਸੋਢੀ, ਡਾ. ਰੀਤੂ ਜੈਨ, ਡਾ. ਰੁਪਾਲੀ ਸੇਠੀ, ਡਾ. ਉਪਿੰਦਰ ਸਿੰਘ, ਡਾ. ਸਤਵੰਤ ਸਿੰਘ, ਡਾ. ਗੁਰਵਰਿੰਦਰ, ਡਾ. ਮਨਪ੍ਰੀਤ ਕੌਰ, ਡਾ. ਮਨੀਸ਼ ਅਰੋੜਾ, ਡਾ. ਜਸਵੰਤ ਸਿੰਘ , ਡਾ. ਰੁਪਿੰਦਰ ਕੌਰ, ਡਾ. ਸੁਖਪ੍ਰੀਤ ਬਰਾੜ ਅਤੇ ਡਾ. ਜਸਪ੍ਰੀਤ ਕੌਰ ਆਦਿ ਸ਼ਾਮਿਲ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਕੌਮੀ ਡਾਕਟਰ ਦਿਵਸ ’ਤੇ ਅੱਜ ਛੇਵੇਂ ਪੇਅ ਕਮਿਸ਼ਨ ਦੀ ਲਾਗੂ ਕੀਤੀ ਰਿਪੋਰਟ ਦੇ ਵਿਰੋਧ ਵਿੱਚ ਮਾਨਸਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਡਾਕਟਰਾਂ ਨੇ ਹੜਤਾਲ ਕਰਦਿਆਂ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੀਤਾ। ਡਾਕਟਰਾਂ ਵੱਲੋਂ ਓਪੀਡੀ ਅਤੇ ਹੋਰ ਸਰਕਾਰੀ ਸਕੀਮਾਂ ਦਾ ਬਾਈਕਾਟ ਕੀਤਾ ਗਿਆ ਅਤੇ ਸਮੁੱਚੇ ਡਾਕਟਰਾਂ ਵੱਲੋਂ ਜ਼ਿਲ੍ਹਾ ’ਤੇ ਇਕੱਠੇ ਹੋਕੇ ਰੋਸ ਮਾਰਚ ਕੀਤਾ ਗਿਆ।
ਕਮੇਟੀ ਦੇ ਆਗੂ ਡਾ. ਰਣਜੀਤ ਰਾਏ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਦਿਨ-ਰਾਤ ਇਕ ਕਰਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਹੀ ਅਰਥਾਂ ਵਿੱਚ ਕਰੋਨਾ ਯੋਧੇ ਬਣ ਕੇ ਮਾਨਵਤਾ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੜਤਾਲ ਤੋਂ ਬਾਅਦ ਵੀ ਮੰਗਾਂ ਮੰਨਣ ਲਈ ਤਿਆਰ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਡਾ. ਕਮਲ ਗੁਪਤਾ,ਡਾ. ਹਰਮਨ ਸਿੰਘ, ਡਾ. ਬਲਦੇਵ ਰਾਜ, ਡਾ. ਗੁਰਿੰਦਰ ਮੋਹਨ ਸਿੰਘ ਅਤੇ ਡਾ. ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਐਨਪੀਏ ਵਿੱਚ ਕਟੌਤੀ ਦਾ ਵਿਰੋਧ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਵੀਰਵਾਰ ਨੂੰ ਡਾਕਟਰ ਦਿਵਸ ਮੌਕੇ ਸਿਵਲ ਹਸਪਤਾਲ ਦੇ ਮੈਡੀਕਲ ਡਾਕਟਰਾਂ ਤੋਂ ਇਲਾਵਾ ਵੈਟਰਨਰੀ ਡਾਕਟਰਾਂ ਨੇ ਵੀ ਰੋਸ ਵਜੋਂ ਆਪਣੀਆਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਤੇ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਛੇਵੇਂ ਤਨਖ਼ਾਹ ਕਮਿਸ਼ਨ ਵੱਲੋਂ ਸਰਕਾਰੀ ਡਾਕਟਰਾਂ ਨੂੰ ਦਿੱਤੇ ਜਾਂਦੇ ਐਨਪੀਏ ਨੂੰ ਘਟਾ ਦਿੱਤਾ ਗਿਆ ਹੈ,ਜਿਸ ਕਾਰਨ ਰਾਜ ਦੇ ਸਮੂਹ ਸਰਕਾਰੀ ਡਾਕਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਂਝੀ ਕਮੇਟੀ ਵੱਲੋਂ ਡਾਕਟਰ ਸੁਭਾਸ਼ ਥਿੰਦ, ਪ੍ਰਧਾਨ ਪੰਜਾਬ ਸਟੇਟ ਵੈਟਰਨਰੀ ਆਫ਼ੀਸਰਜ਼ ਐਸੋਸੀਏਸ਼ਨ ,ਡਾਕਟਰ ਜਤਿੰਦਰ ਕੋਛੜ ਪ੍ਰਧਾਨ ਪੀਸੀਐਮਐਸ ਐਸੋਸੀਏਸ਼ਨ,ਡਾਕਟਰ ਸੁਮਿਤ ਮੋਂਗਾ ਪ੍ਰਧਾਨ ਆਯੁਰਵੈਦਿਕ ਮੈਡੀਕਲ ਆਫ਼ੀਸਰਜ਼ ਐਸੋਸੀਏਸ਼ਨ,ਡਾਕਟਰ ਪੰਕਜ ਗੁਪਤਾ ਪ੍ਰਧਾਨ ਪੀਸੀਐਮਐਸ (ਡੈਂਟਲ) ਐਸੋਸੀਏਸ਼ਨ,ਡਾ.ਕਰਨ ਤ੍ਰੇਹਨ ਪ੍ਰਧਾਨ ਰੂਰਲ ਮੈਡੀਕਲ ਆਫ਼ੀਸਰਜ਼ ਐਸੋਸੀਏਸ਼ਨ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਨੇ ਵੀ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਨਿਖੇਧੀ ਕੀਤੀ।