ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਫ਼ਰਵਰੀ
ਇੱਥੇ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਟੈਂਪੂ-ਟਰੈਵਲ ਆਵਾਰਾ ਪਸ਼ੂ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ਵਿੱਚ ਚਾਲਕ ਦੀ ਮੌਤ ਹੋ ਗਈ ਜਦਕਿ 5 ਸਵਾਰੀਆਂ ਨੂੰ ਗੰਭੀਰ ਤੇ ਕਰੀਬ 10 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਫੋਕਲ ਪੁਆਇੰਟ ਪੁਲੀਸ ਚੌਕੀ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲਾਵਾਰਿਸ ਗਾਂ ਦੇ ਵਾਹਨ ਅੱਗੇ ਆਉਣ ਕਾਰਨ ਵਾਪਰਿਆ। ਹਾਦਸੇ ਮਗਰੋਂ ਟੈਂਪੂ ਟਰੈਵਲ ਪਲਟ ਗਈ। ਇਸ ਹਾਦਸੇ ਵਿੱਚ ਟੈਂਪੂ ਟਰੈਵਲ ਚਾਲਕ ਭਗਵੰਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਾਹਨ ਵਿਚ ਕਰੀਬ 15 ਸਵਾਰੀਆਂ ਸਨ ਜਿਨ੍ਹਾਂ ’ਚੋਂ ਪੰਜ ਨੂੰ ਗੰਭੀਰ ਤੇ 10 ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸਥਾਲਕ ਸਿਵਲ ਹਸਪਤਾਲ ’ਚੋਂ ਧਾਰਾ ਸੀਆਰਪੀਸੀ ਤਹਿਤ ਪੋਸਟਮਾਰਟਮ ਕਰਵਾਇਆ ਗਿਆ ਹੈ।
ਇਸ ਹਾਦਸੇ ਵਿਚ ਸਾਰੇ ਜ਼ਖਮੀਆਂ ਨੂੰ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਸਾਰੇ ਜ਼ਖ਼ਮੀ ਇੱਕੋ ਪਰਿਵਾਰ ਨਾਲ ਸਬੰਧਤ ਅਤੇ ਕੁਝ ਐੱਨਆਰਆਈ ਸਨ। ਸਾਰੇ ਸ਼ਰਧਾਲੂ ਮੋਗਾ ਨੇੜਲੇ ਪਿੰਡ ਖੋਸਾ ਰਣਧੀਰ ਦੇ ਰਹਿਣ ਵਾਲੇ ਹਨ। ਇਸ ਹਾਦਸੇ ਵਿਚ ਜ਼ਖ਼ਮੀ ਮਨਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਟੈਂਪੂ ਟਰੈਵਲਰ ਰਾਹੀਂ ਸਰਹਿੰਦ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਅਤੇ ਮੋਗਾ ਪੁੱਜ ਕੇ ਇਹ ਹਾਦਸਾ ਵਾਪਰ ਗਿਆ।