ਮਾਨਸਾ: ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਦੀ ਪਿਛਲੇ 9 ਦਿਨਾਂ ਤੋਂ ਚੱਲ ਰਹੀ ਹੜਤਾਲ ਸਮਾਪਤ ਹੋਣ ਤੋਂ ਬਾਅਦ ਅੱਜ ਬੁੱਧਵਾਰ ਦੀ ਸਵੇਰ ਡਰਾਈਵਰਾਂ ਨੇ ਮੂੰਹ ਮਿੱਠਾ ਕਰਕੇ ਗੱਡੀ ਦਾ ਗੇਅਰ ਪਾਇਆ। ਪਨਬਸ, ਰੋਡਵੇਜ਼ ਅਤੇ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਇੱਕ ਆਗੂ ਗੁਰਵਿੰਦਰ ਸਿੰਘ ਨੀਨਾ ਸਿੱਧੂ ਨੇ ਦੱਸਿਆ ਕਿ ਅੱਜ ਮਾਲਵਾ ਖੇਤਰ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੜਕਸਾਰ ਤੋਂ ਆਪਣੇ ਰੂਟਾਂ ਉਤੇ ਬਕਾਇਦਾ ਜਾਣਾ ਆਰੰਭ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦੇ ਖੋਲ੍ਹਣ ਦਾ ਜਥੇਬੰਦਕ ਤੌਰ ’ਤੇ ਉਸ ਵੇਲੇ ਫੈਸਲਾ ਲਿਆ ਗਿਆ, ਜਦੋਂ ਪੰਜਾਬ ਸਰਕਾਰ ਨਾਲ ਜਥੇਬੰਦੀ ਦੇ ਆਗੂਆਂ ਦੀ ਇੱਕ ਮੀਟਿੰਗ ਦੌਰਾਨ ਸਮਝੌਤਾ ਹੋ ਗਿਆ ਹੈ। ਇਸੇ ਦੌਰਾਨ ਸਰਕਾਰੀ ਬੱਸਾਂ ਦੀ ਅੱਜ ਹੜਤਾਲ ਖੁੱਲ੍ਹਣ ਨਾਲ ਮਾਲਵਾ ਖੇਤਰ ਦੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਢਿੱਲ ਵਰਤੀ ਗਈ ਤਾਂ ਉਹ ਮੁੜ ਪਹਿਲਾਂ ਵਾਂਗ ਜ਼ਬਰਦਸਤ ਹੜਤਾਲ ’ਤੇ ਚਲੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। -ਜੋਗਿੰਦਰ ਸਿੰਘ ਮਾਨ