ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 24 ਜੂਨ
ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਗਿਆ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ਛਾਪੇ ਮਾਰ ਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਜ਼ੀਰਾ ਵਿੱਚ ਡਰੱਗ ਇੰਸਪੈਕਟਰ ਸੋਨੀਆਂ ਗੁਪਤਾ ਅਤੇ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਵੱਲੋਂ ਸਮੇਤ ਪੁਲੀਸ ਪਾਰਟੀ ਵੱਖ-ਵੱਖ ਮੈਡੀਕਲ ਸਟੋਰਾਂ ’ਤੇ ਰੇਡ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬੱਸ ਅੱਡਾ ਜ਼ੀਰਾ ਦੇ ਸਾਹਮਣੇ ਕ੍ਰਿਸ਼ਨਾ ਮੈਡੀਕਲ ਸਟੋਰ ਤੋਂ ਰੇਡ ਦੌਰਾਨ ਪ੍ਰੈਗਾ ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਦੇ ਬਿੱਲ ਸਟੋਰ ਮਾਲਕਾਂ ਵੱਲੋਂ ਪੇਸ਼ ਨਹੀਂ ਕੀਤੇ ਗਏ। ਡਰੱਗ ਇੰਸਪੈਕਟਰ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੈਪਸੂਲਾਂ ਨੂੰ ਸੀਲ ਕਰ ਕਰ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਹੋਰਨਾਂ ਮੈਡੀਕਲ ਸਟੋਰਾਂ ’ਤੇ ਵੀ ਰੇਡ ਕੀਤੀ, ਜਿੱਥੋਂ ਪੁਲੀਸ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਮੌਕੇ ਡਰੱਗ ਇੰਸਪੈਕਟਰ ਸੋਨੀਆਂ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਤਹਿਤ ਜੁਆਇੰਟ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਸਾਰੇ ਮੈਡੀਕਲ ਸਟੋਰ ਮਾਲਕਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਨਸ਼ੇ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਬਿਨਾਂ ਬਿੱਲ ਤੋਂ ਦਵਾਈਆਂ ਦਾ ਲੈਣ ਦੇਣ ਨਹੀਂ ਕਰ ਸਕਦਾ, ਹਰ ਮੈਡੀਕਲ ਸਟੋਰ ’ਤੇ ਫਾਰਮਾਸਿਸਟ ਦਾ ਹਾਜ਼ਰ ਰਹਿਣਾ ਜ਼ਰੂਰੀ ਹੈ।