ਪਰਮਜੀਤ ਸਿੰਘ
ਫ਼ਾਜ਼ਿਲਕਾ, 9 ਮਾਰਚ
ਪਿੰਡ ਟਿਵਾਣਾ ਕਲਾਂ ਦਾ ਗ਼ਰੀਬ ਬਜ਼ੁਰਗ ਜੋੜਾ ਮਕਾਨ ਦੀ ਛੱਤ ਡਿੱਗਣ ਕਾਰਨ ਖੁੱਲ੍ਹੇ ਅਸਮਾਨ ਵਿਚ ਬਾਹਰ ਸੌਣ ਲਈ ਮਜਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲੀਪ ਸਿੰਘ ਪੁੱਤਰ ਅਰਜਨ ਸਿੰਘ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ। ਮੀਂਹ ਪੈਣ ਕਾਰਨ ਮਕਾਨ ਦੀ ਛੱਤ ਲਗਾਤਾਰ ਚੋਅ ਰਹੀ ਸੀ। ਕੁਝ ਦਿਨ ਪਹਿਲਾਂ ਮਕਾਨ ਦੀ ਛੱਤ ਡਿੱਗ ਗਈ ਤੇ ਉਹ ਦੋਵੇਂ ਹੁਣ ਖੁੱਲ੍ਹੇ ਅਸਮਾਨ ਹੇਠ ਦਿਨ ਕੱਟ ਰਹੇ ਹਨ। ਰਿਕਸ਼ਾ ਚਲਾਉਣ ਵਾਲੇ 70 ਸਾਲਾ ਗ਼ਰੀਬ ਬਜ਼ੁਰਗ ਦਲੀਪ ਸਿੰਘ ਨੇ ਦੱਸਿਆ ਕਿ ਉਹ ਦੋ ਵਕਤ ਦੀ ਰੋਟੀ ਦਾ ਜੁਗਾੜ ਰਿਕਸ਼ਾ ਚਲਾ ਕੇ ਕਰਦਾ ਹੈ। ਉਸ ਦੇ ਇੱਕ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਦੂਜੇ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ। ਪੀੜਤ ਕੋਲ ਮਕਾਨ ਦੀ ਛੱਤ ਪਾਉਣ ਲਈ ਕੋਈ ਪੈਸੇ ਨਹੀਂ ਹਨ। ਇਸ ਲਈ ਉਨ੍ਹਾਂ ਨੇ ਅੱਜ ਜਲਾਲਾਬਾਦ ਦੇ ਐੱਸਡੀਐੱਮ ਕੋਲ ਲਿਖਤੀ ਤੌਰ ’ਤੇ ਦਰਖ਼ਾਸਤ ਦੇ ਕੇ ਮਕਾਨ ਬਣਾਉਣ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਬਿਰਧ ਜੋੜੇ ਦੀ ਲਿਖਤੀ ਦਰਖ਼ਾਸਤ ਆਈ ਹੈ ਤੇ ਉਨ੍ਹਾਂ ਕਾਨੂੰਗੋ ਨੂੰ ਮੌਕਾ ਦੇਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋੜਵੰਦ ਗ਼ਰੀਬਾਂ ਦਾ ਵਿਸ਼ੇਸ਼ ਖਿਆਲ ਰੱਖ ਰਹੀ ਹੈ। ਇਸ ਜੋੜੇ ਦੀ ਵੀ ਮਦਦ ਕੀਤੀ ਜਾਵੇਗੀ।