ਇਕਬਾਲ ਸਿੰਘ ਸ਼ਾਂਤ
ਲੰਬੀ, 12 ਸਤੰਬਰ
ਕੈਪਟਨ ਸਰਕਾਰ ਵੱਲੋਂ ਸੁਣਵਾਈ ਨਾ ਹੋਣ ’ਤੇ ਅੱਜ ਸੈਂਕੜੇ ਕੱਚੇ ਮੁਲਾਜ਼ਮਾਂ ਨੇ ਪਿੰਡ ਬਾਦਲ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਮੂਹਰੇ ਤਿੱਖਾ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਵਿੱਚ ਕਰੀਬ 78 ਸੌ ਡਰਾਈਵਰ, ਕੰਡਕਟਰ, ਵਰਕਰਸ਼ਾਪ ਮੁਲਾਜ਼ਮ ਅਤੇ ਅਡਵਾਂਸ ਬੁੱਕਰ ਪਿਛਲੇ ਡੇਢ ਦਹਾਕੇ ਤੋਂ ਮਹਿਜ਼ ਅੱਠ ਤੋਂ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਸੇਵਾਵਾਂ ਦਿੰਦੇ ਆ ਰਹੇ ਹਨ। ਮਹਿੰਗਾਈ ’ਚ ਦੇ ਦੌਰ ਵਿਚ ਜ਼ਿੰਦਗੀ ਲੰਘਾਉਣੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗਾਂ ਕਰ ਚੁੱਕੇ ਹਨ। ਪਹਿਲੀ ਅਗਸਤ ਨੂੰ ਟਰਾਂਸਪੋਰਟ ਮੰਤਰੀ ਨੇ ਵੀਹ ਦਿਨਾਂ ’ਚ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ ਪਰ ਵਾਅਦਾ ਵਫ਼ਾ ਨਾ ਹੋਣ ’ਤੇ 40ਵੇਂ ਦਿਨ ਪੱਕਾ ਸੰਘਰਸ਼ ਵਿੱਢਿਆ ਹੈ। ਵਿੱਤ ਮੰਤਰੀ ਦੇ ਬੂਹੇ ’ਤੇ ਤਿੱਖੀ ਨਾਅਰੇਬਾਜ਼ੀ ਅਤੇ ਤਰਕੀਰਾਂ ਦੇ ਬਾਅਦ ਇੱਕ ਸਰਕਾਰੀ ਨੁਮਾਇੰਦੇ ਨੂੰ ਮੰਗ ਪੱਤਰ ਸੌਂਪਿਆ ਗਿਆ। ਆਪਣੀ ਸੁਣਵਾਈ ਨਾ ਹੋਣ ’ਤੇ ਮੁਲਾਜ਼ਮਾਂ ਨੇ ਗੁਰਿੱਲਾ ਨੀਤੀ ਤਹਿਤ ਆਗਾਮੀ ਦਿਨਾਂ ’ਚ ਰਾਤ ਨੂੰ ਢਾਈ ਵਜੇ ਮਨਪ੍ਰੀਤ ਬਾਦਲ ਦੀ ਬਾਦਲ ਪਿੰਡ ਰਿਹਾਇਸ਼ ਦੇ ਦੋਵੇਂ ਦਰਵਾਜ਼ੇ ਘੇਰਨ ਦੀ ਜੁਗਤ ਬਣਾਈ ਹੈ। ਜਿਸਦਾ ਯੂਨੀਅਨ ਨੇ ਅੱਜ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਅਨੁਸਾਰ ਉਹ ਵਿੱਤ ਮੰਤਰੀ ਦੇ ਘਰ ਦੀਆਂ ਚਾਰੇ ਦਿਸ਼ਾਵਾਂ ਘੇਰ ਕੇ ਪੰਜਾਬ ਦੇ ਖਜ਼ਾਨੇ ਅਤੇ ਮੁਲਾਜ਼ਮਾਂ ਲਈ ਤੰਗਦਿਲੀ ਦੇ ਵਾਸਤੂ ਦੋਸ਼ਾਂ ਦੀ ਪਰਖ ਕਰਨਗੇ। ਜ਼ਿਕਰਯੋਗ ਹੈ ਕਿ ਅੱਜ ਕੱਚੇ ਮੁਲਾਜ਼ਮਾਂ ਦੇ ਮੰਗ ਪੱਤਰ ਦੇਣ ਦੇ ਮੱਦੇਨਜ਼ਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਵੇਰੇ ਕਰੀਬ 9.10 ਵਜੇ ਰਿਹਾਇਸ਼ ਦੇ ਪਿਛਲੇ ਦਰਵਾਜ਼ੇ ਬਾਹਰ ਨੂੰ ਰਵਾਨਗੀ ਪਾ ਗਏ।
ਫਰੀਦਕੋਟ (ਜਸਵੰਤ ਜੱਸ): ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਹਫ਼ਤੇ ਤੋਂ ਅੰਦੋਲਨ ਦੇ ਰਾਹ ਪਏ ਪੀਆਰਟੀਸੀ ਅਤੇ ਪਨਬੱਸ ਦੇ ਮੁਲਾਜ਼ਮਾਂ ਨੇ ਅੱਜ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਦੇ ਘਰ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ ਲਾਇਆ ਇਕ ਪੰਜਾਬ ਸਰਕਾਰ ਮਿਹਨਤੀ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਹੀ। ਅੰਦੋਲਨਕਾਰੀ ਮੁਲਾਜ਼ਮਾਂ ਨੇ ਸ੍ਰੀ ਢਿੱਲੋਂ ਨੂੰ ਆਪਣੀਆਂ ਮੰਗਾਂ ਸੰਬੰਧੀ ਲਿਖਤੀ ਮੰਗ ਪੱਤਰ ਵੀ ਸੌਂਪਿਆ। ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੇ 14 ਸਤੰਬਰ ਨੂੰ ਮੀਟਿੰਗ ਸੱਦੀ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ, ਪੰਜਾਬ ਰੋਡਵੇਜ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ ਰਹੀ। ਹੜਤਾਲੀ ਮੁਲਾਜ਼ਮਾਂ ਨੇ ਅੱਜ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਕੋਠੀ ਅੱਗੇ ਧਰਨਾ ਲਗਾਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਘੁਬਾਇਆ ਨੂੰ ਮੰਗ ਪੱਤਰ ਸੌਂਪਿਆ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ): ਜ਼ੀਰਾ ਵਿਖੇ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮੰਗ ਪੱਤਰ ਦਿੱਤਾ ਗਿਆ।
ਪੰਜਾਬ ਵਿੱਚ 14 ਸੌ ਰੂਟਾਂ ’ਤੇ ਬੱਸ ਸੇਵਾ ਬੰਦ
ਲੰਬੀ: ਸੂਬਾ ਹਕੂਮਤ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਵੀਹ ਦਿਨਾਂ ’ਚ ਪੱਕਾ ਕਰਨ ਦਾ ਵਾਅਦਾ ਕੱਚਾ ਨਿਕਲਣ ’ਤੇ 14 ਸੌ ਰੂਟਾਂ ’ਤੇ ਆਮ ਲੋਕਾਂ ਸੜਕੀ ਆਵਾਜਾਈ ਦੇ ਰਾਹ ਬੰਦ ਹੋ ਗਏ ਹਨ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਜ਼ਮਾਂ ਨੇ ਕੰਮ ਤਿਆਗ ਕੇ 6 ਸਤੰਬਰ ਤੋਂ ਸੂਬੇ ਦੇ 27 ਡਿਪੂਆਂ ਵਿੱਚ ਲਗਾਤਾਰ ਪੱਕੇ ਧਰਨੇ ਲਗਾ ਰੱਖੇ ਹਨ। ਜਿਸ ਨਾਲ ਪਹਿਲਾਂ ਤੋਂ ਮਾੜੀ ਆਰਥਿਕਤਾ ਦੇ ਸ਼ਿਕਾਰ ਪੀਆਰਟੀਸੀ/ਪਨਬੱਸ ਲਈ ਰੋਜ਼ਾਨਾ ਢਾਈ-ਢਾਈ ਕਰੋੜ ਦੇ ਨੁਕਸਾਨ ਦਾ ਇੱਕ ਹੋਰ ਖੂਹ ਪੁੱਟਿਆ ਗਿਆ ਹੈ। ਸੂਬਾ ਸਰਕਾਰ ਦੀ ਲਾਪਰਵਾਹੀ ਕਾਰਨ ਦੋਵੇਂ ਅਦਾਰਿਆਂ ਨੂੰ ਛੇ ਦਿਨਾਂ ’ਚ ਤੀਹ ਕਰੋੜ ਦਾ ਰਗੜਾ ਲੱਗ ਗਿਆ ਹੈ।
ਸਰਕਾਰ ਨੇ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਦੇ ਰਹਿਮੋ-ਕਰਮ ’ਤੇ ਛੱਡਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਰਾਜ ਭਰ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ 7ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਮੁਲਾਜ਼ਮਾਂ ਨੇ ਪੰਜਾਬ ਵਿਚ ਵਿਧਾਇਕਾਂ ਦੇ ਘਰ ਅੱਗੇ ਸ਼ਾਂਤਮਈ ਰੋਸ ਧਰਨੇ ਦਿੱਤੇ। ਦੂਜੇ ਪਾਸੇ ਬੱਸਾਂ ਦੇ ਚੱਕਾ ਜਾਮ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਫ਼ਰ ਕਰਨ ਲਈ ਹੁਣ ਪ੍ਰਾਈਵੇਟ ਬੱਸਾਂ ਦੇ ਰਹਿਮੋ-ਕਰਮ ’ਤੇ ਛੱਡਿਆ ਹੋਇਆ ਹੈ। ਅੱਜ ਮੀਂਹ ਦੇ ਬਾਵਜੂਦ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੀਆਰਟੀਸੀ ਦੀਆਂ ਬੱਸਾਂ ਦੇ ਲੰਬੇ ਰੂਟਾਂ ਸਮੇਤ ਮਾਨਸਾ-ਸਿਰਸਾ, ਬਰਨਾਲਾ, ਪਟਿਆਲਾ, ਚੰਡੀਗੜ੍ਹ, ਲੁਧਿਆਣਾ ਉਤੇ ਟਾਈਮ ਮਿਸ ਹੋਣ ਕਾਰਨ ਲੋਕਾਂ ਨੂੰ ਇੱਥੋਂ ਦੇ ਬੱਸ ਸਟੈਂਡ ਵਿੱਚ ਸਭ ਤੋਂ ਵੱਧ ਤਕਲੀਫ਼ਾਂ ਨੂੰ ਝੱਲਣਾ ਪੈ ਰਿਹਾ ਹੈ। ਇਥੇ ਸਥਿਤ ਅਧਿਕਾਰੀਆਂ ਨੂੰ ਵੀ ਬੱਸਾਂ ਦੇ ਆਉਣ-ਜਾਣ ਦਾ ਕੋਈ ਪੱਕਾ ਸਮਾਂ ਪਤਾ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਚਹੇਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ।ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਇਸ ਪੱਤਰਕਾਰ ਨੂੰ ਫੋਨ ’ਤੇ ਦੱਸਿਆ ਕਿ ਬਠਿੰਡਾ ਡਿਪੂ ਵੱਲੋਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਅੱਗੇ, ਬੁਢਲਾਡਾ ਡਿੱਪੂ ਵੱਲੋਂ ਸੰਗਰੂਰ ਡਿੱਪੂ ਨਾਲ ਮਿਲ ਕੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੇ ਘਰ ਅੱਗੇ, ਬਰਨਾਲਾ ਡਿਪੂ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ਧਰਨਾ ਲਾਉਂਦਿਆਂ ਮੰਗ ਪੱਤਰ ਦਿੱਤਾ ਗਿਆ।