ਪਵਨ ਗੋਇਲ
ਭੁੱਚੋ ਮੰਡੀ, 17 ਜੁਲਾਈ
ਵਾਲਮਾਰਟ ਕੰਪਨੀ ਵੱਲੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਅਚਾਨਕ ਨੌਕਰੀ ਤੋਂ ਫਾਰਗ ਕੀਤੇ ਜਾਣ ਅਤੇ ਅਧਿਕਾਰੀਆਂ ਦੁਆਰਾ ਕੀਤੀ ਗਈ ਵਾਅਦਾਖ਼ਿਲਾਫ਼ੀ ਦੇ ਵਿਰੋਧ ਵਿੱਚ ਬੈਸਟ ਪ੍ਰਾਈਸ ਮਾਲ ਮੁਲਾਜ਼ਮ ਯੂਨੀਅਨ ਨੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਮਾਲ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ।
ਇਸ ਦੌਰਾਨ ਅਧਿਕਾਰੀਆਂ ਦੀ ਮਨਮਰਜ਼ੀ ਖ਼ਿਲਾਫ਼ ਨਾਆਰੇਬਾਜ਼ੀ ਵੀ ਕੀਤੀ ਗਈ। ਜਾਣਕਾਰੀ ਮੁਤਾਬਿਕ ਏਪੀ ਵਿਭਾਗ ਪੰਜਾਬ ਦੇ ਮੁਖੀ ਵਿਨੋਦ ਕੁਮਾਰ ਨੇ 19 ਜੁਲਾਈ ਨੂੰ ਮੀਟਿੰਗ ਕਰਨ ਦਾ ਮੁੜ ਸਮਾਂ ਦੇ ਦਿੱਤਾ ਹੈ। ਪਰ ਮੁਲਾਜ਼ਮ ਮੋਰਚਾ ਖ਼ਤਮ ਕਰਨ ਦੇ ਰੌਂਅ ਵਿੱਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਹੋਣ ਦੇ ਬਾਵਜੂਦ ਮੋਰਚਾ ਜਾਰੀ ਰਹੇਗਾ ਅਤੇ ਨੌਕਰੀਆਂ ਬਹਾਲ ਹੋਣ ਤੱਕ ਜਾਰੀ ਰਹੇਗਾ। 14 ਜੁਲਾਈ ਦਾ ਧਰਨਾ ਚੁੱਕਵਾਉਣ ਲਈ ਅਧਿਕਾਰੀਆਂ ਵੱਲੋਂ ਵਾਅਦੇ ਅਨੁਸਾਰ 15 ਜੁਲਾਈ ਨੂੰ ਮੀਟਿੰਗ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਹ ਹੈ। ਇਸ ਮੌਕੇ ਆਗੂ ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਨਿਰਮਲ ਸ਼ਰਮਾ, ਮਨਪ੍ਰੀਤ ਸ਼ਰਮਾ, ਨਿੱਕਾ ਸੰਧੂ ਭੋਲਾ ਸਿੰਘ ਅਤੇ ਸੁਖਦੀਪ ਸੰਧੂ ਨੇ ਦੱਸਿਆ ਕਿ 14 ਜੁਲਾਈ ਨੂੰ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਤੋਂ ਪਹਿਲਾਂ ਮਾਲ ਦੇ ਅਧਿਕਾਰੀਆਂ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਉਸੇ ਦਿਨ ਹੀ ਸਾਰੇ ਮੁਲਾਜ਼ਮਾਂ ਦੇ ਘਰਾਂ ਵਿੱਚ ਬਰਖ਼ਾਸਤੀ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਸਨ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੇ ਇਸ ਨਾਦਰਸ਼ਾਹੀ ਫੈਸਲੇ ਕਾਰਨ ਮਾਲ ਵਿੱਚ ਲੜਕੀਆਂ ਸਣੇ ਸੌ ਤੋਂ ਵੱਧ ਕੰਮ ਕਰਦੇ ਮੁਲਾਜ਼ਮ ਅਤੇ 50 ਦੇ ਕਰੀਬ ਤੀਜੇ ਦਰਜੇ ਦੇ ਮੁਲਾਜ਼ਮ ਇੱਕਦਮ ਬੇਰੁਜ਼ਗਾਰ ਹੋ ਗਏ ਹਨ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਨਾਲ ਕੀਤਾ ਗਿਆ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਉਲੀਕੇ ਸੰਘਰਸ਼ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।