ਰਾਜਿੰਦਰ ਕੁਮਾਰ
ਬੱਲੂਆਣਾ/ ਅਬੋਹਰ,18 ਅਗਸਤ
ਆਬਕਾਰੀ ਵਿਭਾਗ ਦੀ ਐਨਫੋਰਸਮੈਂਟ ਟੀਮ ਨੇ ਅੱਜ ਅਬੋਹਰ ਵਿੱਚ ਵੱਖ ਵੱਖ ਥਾਵਾਂ ਤੇ ਸ਼ਰਾਬ ਦੇ ਠੇਕਿਆਂ ’ਤੇ ਛਾਪੇ ਮਾਰ ਕੇ ਭਾਰੀ ਮਾਤਰਾ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਕਬਜ਼ੇ ਵਿੱਚ ਲਈਆਂ ਗਈਆਂ। ਟੀਮ ਦੀ ਅਗਵਾਈ ਪੰਜ ਆਬਕਾਰੀ ਤੇ ਕਰ ਅਧਿਕਾਰੀ ਕਰ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਵਿੱਚ ਤਾਇਨਾਤ ਐਨਫੋਰਸਮੈਂਟ ਵਿੰਗ ਦੇ ਈਟੀਓ ਅਭਿਸ਼ੇਕ ਸਿੰਗਲਾ, ਪਿਊਸ਼ ਦੁੱਗਲ, ਰਜਨੀਸ਼ ਬੱਤਰਾ, ਨਵਜੋਤ ਸਿੰਘ ਅਤੇ ਨਰਿੰਦਰ ਸਿੰਘ ਦੀਆਂ ਟੀਮਾਂ ਨੇ ਅੱਜ ਅਬੋਹਰ ਵਿੱਚ ਵੱਖ ਵੱਖ ਥਾਵਾਂ ’ਤੇ ਸ਼ਰਾਬ ਦੇ ਠੇਕਿਆਂ ’ਤੇ ਛਾਪੇ ਮਾਰੇ। ਖ਼ੁਫ਼ੀਆ ਸੂਚਨਾ ’ਤੇ ਅਬੋਹਰ ਪਹੁੰਚੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਬੋਹਰ ਵਿੱਚ ਸ਼ਰਾਬ ਦੇ ਕੁਝ ਠੇਕਿਆਂ ’ਤੇ ਉਹ ਬ੍ਰਾਂਡ ਵਿਕ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਮਨਜ਼ੂਰੀ ਨਹੀਂ ਹੈ। ਟੀਮ ਵੱਲੋਂ ਸਰਕੂਲਰ ਰੋਡ ’ਤੇ ਲਾਜਪਤ ਰਾਏ ਮਾਰਕੀਟ ਸਣੇ ਸਦਨ ਰੋਡ ਅਤੇ ਸੀਤੋ ਰੋਡ ਸਥਿਤ ਸ਼ਰਾਬ ਦੇ ਠੇਕੇਦਾਰਾਂ ਦੇ ਦਫ਼ਤਰ ਲਾਗੇ ਠੇਕੇ ਤੋਂ ਇਲਾਵਾ ਦੋ ਹੋਰ ਸ਼ਰਾਬ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ।