ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਨਵੰਬਰ
ਵਿਆਹ ਤੋਂ ਅੱਠ ਮਹੀਨੇ ਬਾਅਦ ਦਾਜ ਦੀ ਭੇਟ ਚੜ੍ਹੀ ਆਪਣੀ ਲਾਡਲੀ ਧੀ ਨੂੰ ਇਨਸਾਫ਼ ਦੁਆਉਣ ਲਈ ਪੀੜਤ ਪਰਿਵਾਰ ਚਾਰ ਮਹੀਨਿਆਂ ਤੋਂ ਪੁਲੀਸ ਅਫ਼ਸਰਾਂ ਦੇ ਤਰਲੇ ਕੱਢ ਰਿਹਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਤਿੰਨ ਮੁਲਜ਼ਮਾਂ ਤੇ ਪਰਚਾ ਦਰਜ ਹੋ ਚੁੱਕਾ ਹੈ ਪਰ ਦੋ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ। ਮ੍ਰਿਤਕਾ ਦੇ ਪਿਤਾ ਜਸਵੀਰ ਸਿੰਘ ਤੇ ਮਾਤਾ ਸਵਰਨਜੀਤ ਕੌਰ ਦਾ ਦੋਸ਼ ਹੈ ਕਿ ਉਨ੍ਹਾਂ ’ਤੇ ਰਾਜ਼ੀਨਾਮਾ ਕਰਨ ਵਾਸਤੇ ਨਾ ਸਿਰਫ਼ ਦਬਾਅ ਪਾਇਆ ਜਾ ਰਿਹਾ ਹੈ, ਸਗੋਂ ਹੁਣ ਤੱਕ ਚਾਰ ਵਾਰ ਹਮਲਾ ਵੀ ਹੋ ਚੁੱਕਾ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਹਮਲਾਵਰਾਂ ’ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਰਮਨਦੀਪ ਕੌਰ ਦਾ ਵਿਆਹ ਪਿਛਲੇ ਸਾਲ ਨਵੰਬਰ ਮਹੀਨੇ ਸ਼ਹਿਰ ਦੀ ਬੇਦੀ ਕਲੋਨੀ ਨਿਵਾਸੀ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਮੁਲਜ਼ਮ ਨੇ ਉਨ੍ਹਾਂ ਦੀ ਧੀ ਨੂੰ ਜੁਲਾਈ ਮਹੀਨੇ ਗਲਾ ਘੁੱਟ ਕੇ ਮਾਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਮੁਲਜ਼ਮ ਉਨ੍ਹਾਂ ਦੀ ਧੀ ’ਤੇ ਘਰੋਂ ਪੈਸੇ ਲਿਆਉਣ ਲਈ ਦਬਾਅ ਪਾ ਰਿਹਾ ਸੀ। ਪੁਲੀਸ ਨੇ ਰਮਨਦੀਪ ਦੇ ਪਿਤਾ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਤੇ ਮਾਮਾ-ਮਾਮੀ ਖ਼ਿਲਾਫ਼ ਧਾਰਾ 307 ਅਤੇ 304ਬੀ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਅੰਮ੍ਰਿਤਪਾਲ ਦੀ ਮਾਂ ’ਤੇ ਵੀ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਤੋਂ ਇਲਾਵਾ ਦੂਜੇ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਡੀਐੱਸਪੀ ਸਿਟੀ ਦਾ ਕਹਿਣਾ ਹੈ ਕਿ ਪੜਤਾਲ ਚੱਲ ਰਹੀ ਹੈ ਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ।