ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਸਤੰਬਰ
ਪਿੰਡ ਲੁਹਾਰਾ ਦਾ ਕਿਸਾਨ ਲਖਵੀਰ ਸਿੰਘ ਬੈੱਡ ਪਲਾਂਟਿੰਗ ਤਕਨੀਕ ਨਾਲ ਝੋਨਾ ਬੀਜ ਕੇ ਪਾਣੀ ਦੀ ਬੱਚਤ ਕਰਨ ਵਾਲਾ ਮਿਸਾਲੀ ਕਿਸਾਨ ਬਣ ਗਿਆ ਹੈ। ਉਸ ਦੇ ਖੇਤ ਵਿੱਚ ਝੋਨਾ ਆਮ ਖੇਤਾਂ ਨਾਲੋਂ ਵੀ ਵਧੀਆ ਖੜ੍ਹਾ ਹੈ ਜਦਕਿ ਉਸ ਨੇ ਆਮ ਦੇ ਮੁਕਾਬਲੇ ਬਹੁਤ ਹੀ ਘੱਟ ਪਾਣੀ, ਖਾਦ, ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕੀਤੀ ਹੈ।
ਅਗਾਂਹਵਧੂ ਕਿਸਾਨ ਲਖਵੀਰ ਸਿੰਘ ਨੇ ਕਿਹਾ ਕਿ ਉਸ ਲਈ ਸੂਬੇ ਦੇ ਸਾਬਕਾ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਅਤੇ ਸਟੇਟ ਐਵਾਰਡੀ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਮਾਰਗਦਰਸ਼ਕ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਸਲਾਹ ਨਾਲ ਬੈੱਡ-ਪਲਾਂਟੇਸ਼ਨ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦਾ ਦੋ ਏਕੜ ਦਾ ਪਰਦਰਸ਼ਨੀ ਪਲਾਂਟ ਲਾਇਆ ਗਿਆ ਅਤੇ 50 ਫੀਸਦੀ ਤੋਂ ਵੱਧ ਪਾਣੀ ਤੇ ਖਾਦਾਂ ਦੀ ਬੱਚਤ ਹੋਈ ਹੈ। ਉਨ੍ਹਾਂ ਟਰੈਕਟਰ ਨਾਲ ਚੱਲਣ ਵਾਲੇ ਬੈੱਡ ਪਲਾਂਟਰ ਨਾਲ ਚਾਰ ਕਿਲੋ ਪ੍ਰਤੀ ਏਕੜ ਝੋਨੇ ਦੇ ਬੀਜ ਨਾਲ ਸਿੱਧੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦੋ ਏਕੜ ਵਿਚ ਕੇਵਲ ਦੋ ਗੱਟੇ ਭਾਵ 90 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਗਿਆ ਹੈ। ਇਕ ਨਦੀਨ ਨਾਸ਼ਕ ਦੀ ਸਪਰੇਅ ਕਰਨ ਤੋਂ ਇਲਾਵਾ ਹੋਰ ਕੋਈ ਖੇਤੀ ਸਮੱਗਰੀ ਨਹੀਂ ਪਾਈ ਗਈ।
ਸੂਬੇ ਦੇ ਸਾਬਕਾ ਖੇਤੀ ਸੱਕਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਅਰਥ ਸਾਸ਼ਤਰੀ ਸਰਦਾਰਾ ਸਿੰਘ ਜੌਹਲ ਨਾਲ ਸੂਬੇ ਵਿੱਚ ਕਰੀਬ 25 ਕਿਸਾਨਾਂ ਵੱਲੋਂ ਇਸ ਤਕਨੀਕ ਰਾਹੀਂ ਕੀਤੀ ਸਿੱਧੀ ਬਿਜਾਈ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਇਹ ਤਕਨੀਕ ਅਪਣਾਉਣ ਦਾ ਸੱਦਾ ਦਿੱਤਾ।
ਮੁੱਖ ਖੇਤੀਬਾੜੀ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤੇ ਬੈਡ ਪਲਾਂਟੇਸ਼ਨ ਤਕਨੀਕ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸਹਾਈ ਹੈ। ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਿੱਧੀ ਬਿਜਾਈ ਤਕਨੀਕ ਲਾਗੂ ਕਰਨ ਲਈ ਅਹਿਮ ਉਪਰਾਲੇ ਕਰ ਰਿਹਾ ਹੈ।