ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਜੂਨ
ਮੋਗਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ਉੱਤੇ ਡਗਰੂ ਰੇਲ ਫਾਟਕ ਨਾਲ ਮਸ਼ਹੂਰ ਪਿੰਡ ਦੇ ਮੱਧ ਵਰਗੀ ਕਿਸਾਨ ਦਾ ਪੁੱਤ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਲਈ ਮਿਸਾਲ ਬਣ ਗਿਆ ਹੈ। ਕੰਪਿਊਟਰ ਸਾਇੰਸ ਡਿਗਰੀ ਹੋਲਡਰ ਇਹ ਨੌਜਵਾਨ ਇੱਥੇ ਸ਼ਹਿਰ ਵਿੱਚ ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਬਿਜਲੀ ਗਰਿੱਡ ਕੋਲ ਟਰੈਕਟਰ-ਟਰਾਲੀ ’ਤੇ ਫਾਸਟ ਫੂਡ ਦੀ ਦੁਕਾਨ ਚਲਾ ਕੇ ਚੋਖੀ ਕਮਾਈ ਕਰ ਰਿਹਾ ਹੈ।
ਮੋਗਾ ਨੇੜਲੇ ਪਿੰਡ ਡਗਰੂ ਦੇ ਰਹਿਣ ਵਾਲੇ ਕਿਸਾਨ ਦਾ ਪੁੱਤਰ ਸ਼ਰਨਪ੍ਰੀਤ ਸਿੰਘ ਬੀਸੀਏ ਦੀ ਪੜ੍ਹਾਈ ਕਰਨ ਦੇ ਬਾਅਦ ਖੇਤੀ ਵਿੱਚ ਇਸਤੇਮਾਲ ਹੋਣ ਵਾਲਾ ਆਪਣੇ ਟਰੈਕਟਰ ਪਿੱਛੇ ਇੱਕ ਫਾਸਟ ਫੂਡ ਦੀ ਦੁਕਾਨ ਬਣਾ ਕੇ 60 ਹਜ਼ਾਰ ਰੁਪਏ ਮਹੀਨਾ ਕਮਾ ਰਿਹਾ ਹੈ। ਸ਼ਰਨਪ੍ਰੀਤ ਨੇ ਦੱਸਿਆ ਕਿ ਉਸ ਨੇ ਬੀਸੀਏ ਦੀ ਡਿਗਰੀ ਕਰਨ ਬਾਅਦ ਨੌਕਰੀ ਦੀ ਤਲਾਸ਼ ਕੀਤੀ। ਉਹ ਸਿੰਗਾਪੁਰ ਗਿਆ ਸੀ ਉੱਥੇ ਫਾਸਟ ਫੂਡ ਟਰੱਕ ਵੇਖ ਕੇ ਉਸ ਦੇ ਮਨ ਵਿੱਚ ਵੀ ਘਰ ਖੜ੍ਹਾ ਟਰੈਕਟਰ ਯਾਦ ਆ ਗਿਆ। ਉਸ ਨੇ ਵਾਪਸ ਆ ਕੇ ਲੁਧਿਆਣਾ ਤੋਂ ਕੁਕਿੰਗ ਦਾ ਕੋਰਸ ਕੀਤਾ ਅਤੇ ਪੂਰੀ ਰਸੋਈ ਵਾਲਾ ਫੂਡ ਟਰੈਕਟਰ ਤਿਆਰ ਕਰਵਾਇਆ। ਟਰੈਕਟਰ ਪਿੱਛੇ ਫਾਸਟ ਫੂਡ ਦੀ ਦੁਕਾਨ ਤੋਂ 60 ਹਜ਼ਾਰ ਰੁਪਏ ਮਹੀਨਾ ਕਮਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਕਿਸਾਨ ਹਨ ਅਤੇ ਉਨ੍ਹਾਂ ਦੀ 5 ਏਕੜ ਜ਼ਮੀਨ ਹੈ। ਅਤੇ ਇੱਕ ਭਰਾ ਵਿਦੇਸ਼ ਵਿੱਚ ਹੈ। ਕਿਸਾਨ ਦਾ ਪੁੱਤ ਹੋਣ ਉੱਤੇ ਇਹ ਕੰਮ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਬਸ ਹੌਸਲਾ ਹੋਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਇਸ ਕੰਮ ਵਿੱਚ ਕਰੀਬ 8 ਲੱਖ ਰੁਪਏ ਲੱਗੇ ਅਤੇ ਸਾਰੇ ਖਰਚੇ ਕੱਢ ਉਸ ਨੂੰ ਤਕਰੀਬਨ 60 ਹਜ਼ਾਰ ਮਹੀਨਾ ਕਮਾਈ ਹੋ ਜਾਂਦੀ ਹੈ।