ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਬਲਾਕ ਭਗਤਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਦਿਆਲਪੁਰਾ ਮਿਰਜਾ ਵਿਖੇ ਹੋਈ। ਇਸ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯਨੀਅਨ ਦੇ ਆਗੂ ਜਗਸੀਰ ਮਹਿਰਾਜ ਤੇ ਵਿਗਿਆਨਕ ਚੇਤਨਾ ਮੰਚ ਦੇ ਰਤੇਸ਼ ਭਗਤਾ ਹਾਜ਼ਰ ਹੋਏ। ਮੀਟਿੰਗ ਦੌਰਾਨ ਦਿੱਲੀ ਵਿੱਚ ਚੱਲ ਰਹੇ ਘੋਲ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ’ਚੋਂ ਵੱਧ ਤੋਂ ਵੱਧ ਕਾਫ਼ਲੇ ਦਿੱਲੀ ਲਿਜਾਣ ਦੀ ਵਿਉਂਤ ਉਲੀਕੀ ਗਈ। ਇਸ ਤੋਂ ਇਲਾਵਾ ਭਗਤਾ ਭਾਈ ਵਿੱਚ ਕਥਿਤ ਸਿਆਸੀ ਸ਼ਹਿ ਹੇਠ ਰੁਪਿੰਦਰ ਸਿੰਘ ਦਿਆਲਪੁਰਾ ਮਿਰਜਾ ਦਾ ਮਕਾਨ ਢਾਉਣ ਦੀ ਸਾਜ਼ਿਸ਼ ’ਤੇ ਇੱਕ ਸਾਥੀ ਦੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਇਸ ਸਬੰਧੀ ਜਬਰ ਵਿਰੋਧੀ ਐਕਸ਼ਨ ਕਮੇਟੀ ਇਲਾਕਾ ਭਗਤਾ ਦਾ ਗਠਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਕਾਲਾ, ਜਗਸੀਰ ਮਹਿਰਾਜ, ਰੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਰਤੇਸ਼ ਭਗਤਾ, ਗੋਰਾ ਸਿੰਘ ਹਾਕਮ ਵਾਲਾ, ਅਮਰਜੀਤ ਸਿੰਘ ਫੌਜੀ, ਜਸਵੀਰ ਜੱਸੀ, ਗੁਰਵਿੰਦਰ ਪੱਪਾ, ਗੁਰਪ੍ਰੀਤ ਭਗਤਾ, ਕਰਮਜੀਤ ਸਿੰਘ ਜੇ.ਈ. ਨੂੰ ਸਾਮਿਲ ਕੀਤਾ ਗਿਆ। ਇਹ ਕਮੇਟੀ ਉਚ ਅਧਿਕਾਰੀਆਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰੇਗੀ।