ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਜੁਲਾਈ
ਮੂੰਗੀ ਦੀ ਫ਼ਸਲ ਦੇ ਦਾਣਿਆਂ ਵਿਚ ਆਈ ਖਰਾਬੀ ਕਾਰਨ ਪਿੰਡ ਦਿਆਲਪੁਰਾ ਮਿਰਜ਼ਾ ਦੇ ਅੱਧੀ ਦਰਜਨ ਕਿਸਾਨਾਂ ਨੂੰ ਕਰੀਬ 50 ਏਕੜ ਖੜ੍ਹੀ ਆਪਣੀ ਫ਼ਸਲ ਨੂੰ ਮਜਬੂਰਨ ਖੇਤਾਂ ਵਿਚ ਹੀ ਟਰੈਕਟਰ ਨਾਲ ਵਾਉਣਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸਤਵੰਤ ਸਿੰਘ ਨੇ 13 ਏਕੜ, ਗੁਰਮੇਲ ਸਿੰਘ ਨੇ 10 ਏਕੜ, ਸੁਖਮੰਦਰ ਸਿੰਘ ਨੇ 13 ਏਕੜ, ਨਰਿੰਦਰ ਸਿੰਘ ਨੇ 12 ਏਕੜ ਅਤੇ ਜਗਪਾਲ ਸਿੰਘ ਨੇ 5 ਏਕੜ ਮੂੰਗੀ ਦੀ ਫ਼ਸਲ ਬੀਜੀ ਸੀ ਜੋ ਕਿ ਇਸ ਸਮੇਂ ਬਿਲਕੁਲ ਵੱਢਣ ਦੀ ਤਿਆਰੀ ਵਿੱਚ ਸੀ ਪਰ ਉਨ੍ਹਾਂ ਦੀਆਂ ਆਸਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਉਨ੍ਹਾਂ ਨੇ ਮੂੰਗੀ ਦੇ ਦਾਣੇ ਵੇਖੇ ਤਾਂ ਉਹ ਉੱਲੀ ਨਾਲ ਬਿਲਕੁਲ ਖਤਮ (ਕਾਲੇ) ਹੋ ਚੁੱਕੇ ਸਨ। ਇਸ ਖ਼ਰਾਬੀ ਦਾ ਕਾਰਨ ਮੌਸਮ ਵਿਚ ਆਈ ਤਬਦੀਲੀ ਨੂੰ ਵੀ ਮੰਨਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਮੂੰਗੀ ਦੀ ਬਿਜਾਈ ਉਪਰ ਉਨ੍ਹਾਂ ਦਾ ਕਰੀਬ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਇਆ ਹੈ ਪਰ ਹੁਣ ਫਸਲ ਬਿਲਕੁਲ ਖ਼ਤਮ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਵੱਡਾ ਨੁਕਸਾਨ ਹੋਇਆ ਹੈ। ਇਨ੍ਹਾਂ ਵਿਚੋਂ ਕੁਝ ਕਿਸਾਨਾਂ ਨੇ ਤਾਂ ਇਹ ਜ਼ਮੀਨ 70 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਉੱਪਰ ਲਈ ਹੋਈ ਹੈ। ਬੀਕੇਯੂ (ਸਿੱਧੂਪੁਰ) ਦੇ ਆਗੂ ਬਲਜਿੰਦਰ ਸਿੰਘ ਕਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।