ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 31 ਜੁਲਾਈ
ਪਿੰਡ ਭਾਗੀਵਾਂਦਰ ਦੇ ਸਾਬਕਾ ਪੰਚ ਸੁਖਮੰਦਰ ਸਿੰਘ ਉਰਫ ਲੀਲਾ ਪੁੱਤਰ ਭੂਰਾ ਸਿੰਘ ਨੂੰ ਅੱਜ ਸਵੇਰੇ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਪੀਆਰਟੀਸੀ ਦੀ ਇੱਕ ਬੱਸ ਨੇ ਦਰੜ ਦਿੱਤਾ। ਸੁਖਮੰਦਰ ਸਿੰਘ ਸਵੇਰ ਦੀ ਸੈਰ ਕਰ ਕੇ ਵਾਪਸ ਆ ਰਿਹਾ ਸੀ। ਤਲਵੰਫਡੀ ਸਾਬੋ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਬੱਸ ਦੇ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਬਕਾ ਪੰਚ ਸੁਖਮੰਦਰ ਸਿੰਘ ਲੀਲਾ (56) ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਘਰੋਂ ਤਲਵੰਡੀ ਸਾਬੋ ਰੋਡ ਵੱਲ ਨੂੰ ਸੈਰ ਕਰਨ ਗਿਆ ਸੀ। ਸੈਰ ਕਰ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਕੱਸੀ ਦੇ ਪੁਲ ਕੋਲ ਤਲਵੰਡੀ ਸਾਬੋ ਤੋਂ ਬਠਿੰਡਾ ਨੂੰ ਜਾਂਦੀ ਇੱਕ ਪੀਆਰਟੀਸੀ ਦੀ ਬੱਸ ਨੇ ਉਸ ਨੂੰ ਪਿੱਛੋਂ ਬੁਰ੍ਹੀ ਤਰ੍ਹਾਂ ਦਰੜ ਦਿੱਤਾ। ਬੱਸ ਦਾ ਡਰਾਈਵਰ ਤੇ ਕੰਡਕਟਰ ਹੀ ਉਸ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਸੁਖਮੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਸੁਖਮੰਦਰ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਦ’ਤੇ ਬੱਸ ਦੇ ਡਰਾਈਵਰ ਸਿਮਰਨਜੀਤ ਸਿੰਘ ਵਾਸੀ ਸਿੰਗੋ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਤੇ ਉਸ ਦੀ ਭਾਲ ਜਾਰੀ ਹੈ।