ਪਰਸ਼ੋਤਮ ਬੱਲੀ
ਬਰਨਾਲਾ, 24 ਸਤੰਬਰ
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਵਾਈ ਵਾਲੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਰੋਜ਼ਾਨਾ ਪੱਧਰ ’ਤੇ ਵਿਕਾਸ ਕਾਰਜ ਵਿੱਢੇ ਜਾ ਰਹੇ ਹਨ। ਉਨ੍ਹਾਂ ਪਿੰਡ ਉੱਪਲੀ ਵਿੱਚ ਕਰੀਬ 60 ਲੱਖ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਰੀਬ 40 ਲੱਖ ਦੀ ਲਾਗਤ ਨਾਲ ਗਲੀਆਂ-ਨਾਲੀਆਂ ਦੇ ਕੰਮ ਦਾ ਅਤੇ 20 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮਗਰੋਂ ਉਨ੍ਹਾਂ ਪਿੰਡ ਕੱਟੂ ਵਿਖੇ ਕਰੀਬ 75 ਲੱਖ ਦੀ ਲਾਗਤ ਨਾਲ ਵੱਖ ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਗੰਦੇ ਪਾਣੀ ਦੇ ਨਿਕਾਸੀ ਦੇ ਕੰਮ ਲਈ 20 ਲੱਖ ਰੁਪਏ, ਗਲੀਆਂ-ਨਾਲੀਆਂ ਲਈ 25 ਲੱਖ ਰੁਪਏ, ਇੰਟਰਲਾਕ ਲਈ 15 ਲੱਖ ਰੁਪਏ ਅਤੇ ਸਟੇਡੀਅਮ ਲਈ 15 ਲੱਖ ਰੁਪਏ ਦਾ ਨੀਂਹ ਪੱਥਰ ਰੱਖਿਆ।
ਇਸ ਤੋਂ ਪਹਿਲਾਂ ਉਨ੍ਹਾਂ ਝਲੂਰ ਧਾਮ ਵਿਚ ਸਵਾਮੀ ਅੰਮ੍ਰਿਤਾ ਨੰਦ ਦੀ ਅਗਵਾਈ ਹੇਠ ਲੱਗੇ ਅੱਖਾਂ ਦੇ ਚੈਕਅਪ ਕੈਂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਾਨਵਤਾ ਦੇ ਭਲੇ ਵਾਲੇ ਸਮਾਗਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿੰਡ ਝਲੂਰ ਦੇ ਲਗਾਤਾਰ ਵਿਕਾਸ ਕਾਰਜ ਕਰਾਏ ਜਾ ਰਹੇ ਹਨ ਤੇ ਪਿਛਲੇ ਪੌਣੇ 3 ਸਾਲਾਂ ਵਿਚ ਕਰੋੜਾਂ ਰੁਪਏ ਪਿੰਡ ਨੂੰ ਦਿੱਤੇ ਗਏ ਹਨ। ਐੱਮਪੀ ਮੀਤ ਹੇਅਰ ਵਲੋਂ ਕੱਲ੍ਹ ਪਿੰਡ ਬਡਬਰ ਵਿੱਚ ਮੰਡੀ ਦੇ ਫੜ ਨੂੰ ਉੱਚਾ ਕਰਨ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਕਰਮਗੜ੍ਹ ਵਿੱਚ ਵੀ ਕਰੀਬ 40 ਲੱਖ ਦੀ ਲਾਗਤ ਨਾਲ ਛੱਪੜ ਨੂੰ ਥਾਪਰ ਮਾਡਲ ਵਿੱਚ ਨਵਿਆਉਣ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਹਰਿੰਦਰ ਧਾਲੀਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।